ਗੁਰਦਾਸਪੁਰ: ਥਾਣਾ ਹਮਲੇ ’ਚ ਚਾਰ ਕਾਬੂ
ਪਾਕਿਸਤਾਨ ਦੀ ਆਈ ਐੱਸ ਆਈ ਹਮਾਇਤੀ ਅਤਿਵਾਦੀ ਨੈੱਟਵਰਕ ਵਿਰੁੱਧ ਕਾਰਵਾਈ ਤਹਿਤ ਕਾਊਂਟਰ ਇੰਟੈਲੀਜੈਂਸ (ਸੀ ਆਈ) ਵਿੰਗ ਅਤੇ ਗੁਰਦਾਸਪੁਰ ਪੁਲੀਸ ਨੇ ਸਾਂਝੇ ਅਪਰੇਸ਼ਨ ਤਹਿਤ ਗੁਰਦਾਸਪੁਰ ਹੱਥ ਗੋਲਾ ਹਮਲੇ ਦੇ ਮਾਮਲੇ ’ਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਹੱਥ ਗੋਲਾ ਤੇ ਦੋ ਪਿਸਤੌਲ ਬਰਾਮਦ ਕੀਤੇ ਹਨ। ਡੀ ਆਈ ਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਪ੍ਰਦੀਪ ਕੁਮਾਰ ਵਾਸੀ ਹੁਸ਼ਿਆਰਪੁਰ, ਗੁਰਦਿੱਤ ਵਾਸੀ ਗੁਰਦਾਸਪੁਰ, ਨਵੀਨ ਚੌਧਰੀ ਅਤੇ ਕੁਸ਼ ਦੋਵੇਂ ਵਾਸੀ ਤਲਵਾੜਾ ਵਜੋਂ ਹੋਈ ਹੈ।
ਡੀ ਆਈ ਜੀ ਗੋਇਲ ਨੇ ਕਿਹਾ ਕਿ ਮੁੱਢਲੀ ਜਾਂਚ ਅਨੁਸਾਰ ਗੁਰਦਾਸਪੁਰ ਥਾਣੇ ’ਤੇ ਹੋਏ ਹੱਥ ਗੋਲਾ ਹਮਲੇ ਦੀ ਸਾਜ਼ਿਸ਼ ਪਾਕਿਸਤਾਨ ਸਥਿਤ ਆਈ ਐੱਸ ਆਈ ਦੇ ਹਮਾਇਤੀ ਗੈਂਗਸਟਰ ਸ਼ਹਿਜ਼ਾਦ ਭੱਟੀ ਤੇ ਉਸ ਦੇ ਸਾਥੀ ਜ਼ੀਸ਼ਾਨ ਅਖ਼ਤਰ ਨੇ ਅਮਰੀਕਾ ਰਹਿੰਦੇ ਆਪਣੇ ਹੈਂਡਲਰ ਅਮਨਦੀਪ ਸਿੰਘ ਉਰਫ਼ ਅਮਨ ਪੰਨੂ ਦੀ ਸਹਾਇਤਾ ਨਾਲ ਰਚੀ ਸੀ। ਜ਼ਿਕਰਯੋਗ ਹੈ ਕਿ ਇਸ ਮਾਡਿਊਲ ਨੇ 25 ਨਵੰਬਰ ਨੂੰ ਗੁਰਦਾਸਪੁਰ ਥਾਣਾ ਸਿਟੀ ’ਤੇ ਹਮਲਾ ਕੀਤਾ ਸੀ।
ਡੀ ਆਈ ਜੀ ਨੇ ਕਿਹਾ ਕਿ ਪੁਲੀਸ ਟੀਮਾਂ ਨੇ ਦੋ ਸ਼ੱਕੀਆਂ ਪ੍ਰਦੀਪ ਤੇ ਗੁਰਦਿਤ ਨੂੰ ਕਾਬੂ ਕੀਤਾ ਹੈ। ਇਨ੍ਹਾਂ ’ਤੇ ਮੁਲਜ਼ਮ ਹਰਗੁਨ, ਵਿਕਾਸ ਅਤੇ ਮੋਹਨ ਦੀ ਸਹਾਇਤਾ ਕਰਨ ਦੇ ਦੋਸ਼ ਹਨ। ਪੜਤਾਲ ਦੌਰਾਨ ਪ੍ਰਦੀਪ ਤੇ ਗੁਰਦਿੱਤ ਨੇ ਨਵੀਨ ਚੌਧਰੀ ਅਤੇ ਕੁਸ਼ ਦੀ ਭੂਮਿਕਾ ਬਾਰੇ ਖ਼ੁਲਾਸਾ ਕੀਤਾ ਹੈ। ਐੱਸ ਐੱਸ ਪੀ ਗੁਰਦਾਸਪੁਰ ਆਦਿੱਤਿਆ ਨੇ ਕਿਹਾ ਕਿ ਪੁਲੀਸ ਟੀਮਾਂ ਨੇ ਜਗਤਪੁਰ ਨੇੜਿਓਂ ਪੁਲੀਸ ਮੁਕਾਬਲੇ ਮਗਰੋਂ ਨਵੀਨ ਚੌਧਰੀ ਅਤੇ ਕੁਸ਼ ਨੂੰ ਕਾਬੂ ਕਰ ਲਿਆ। ਇਸ ਵਿੱਚ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਹੈ। ਇਸ ਸਬੰਧੀ ਥਾਣਾ ਸਿਟੀ ਗੁਰਦਾਸਪੁਰ ਤੇ ਥਾਣਾ ਪੁਰਾਣਾ ਸ਼ਾਲਾ ਵਿੱਚ ਕੇਸ ਦਰਜ ਕੀਤੇ ਗਏ ਹਨ।
