Gurdaspur Accident: ਬੱਸ ਦੀ ਫੇਟ ਕਾਰਨ ਦੋ ਮੋਟਰ ਸਾਈਕਲ ਸਵਾਰ ਹਲਾਕ
ਮੁਕੇਰੀਆਂ ਰੋਡ ’ਤੇ ਤਿੱਬੜੀ ਨੇੜੇ ਪੰਜਾਬ ਰੋਡਵੇਜ਼ ਦੀ ਚੰਡੀਗੜ੍ਹ ਤੋਂ ਆ ਰਹੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਦੋਵੇਂ ਆਪਸ ਵਿੱਚ ਰਿਸ਼ਤੇਦਾਰ ਸਨ ਜਿਨ੍ਹਾਂ ਦੀ ਪਹਿਚਾਣ ਸੁਰਿੰਦਰ ਪਾਲ (45)...
ਮੁਕੇਰੀਆਂ ਰੋਡ ’ਤੇ ਤਿੱਬੜੀ ਨੇੜੇ ਪੰਜਾਬ ਰੋਡਵੇਜ਼ ਦੀ ਚੰਡੀਗੜ੍ਹ ਤੋਂ ਆ ਰਹੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਦੋਵੇਂ ਆਪਸ ਵਿੱਚ ਰਿਸ਼ਤੇਦਾਰ ਸਨ ਜਿਨ੍ਹਾਂ ਦੀ ਪਹਿਚਾਣ ਸੁਰਿੰਦਰ ਪਾਲ (45) ਅਤੇ ਸਾਜਨ (27) ਵਜੋਂ ਹੋਈ ਹੈ । ਦੋਵੇਂ ਪਿੰਡ ਲੱਖੋਵਾਲ ਦੇ ਰਹਿਣ ਵਾਲੇ ਸਨ ਅਤੇ ਮਜ਼ਦੂਰੀ ਕਰਦੇ ਸਨ। ਘਟਨਾ ਤੋਂ ਬਾਅਦ ਬੱਸ ਡਰਾਈਵਰ ਫ਼ਰਾਰ ਹੋ ਗਿਆ।
ਚਸ਼ਮਦੀਦਾਂ ਅਨੁਸਾਰ ਇਹ ਮੋਟਰ ਸਾਈਕਲ ਸਵਾਰ ਜਦੋਂ ਤਿੱਬੜੀ ਰੋਡ 'ਤੇ ਆਰਮੀ ਕੈਂਟ ਦੇ ਗੇਟ ਨੰਬਰ 1 ਦੇ ਸਾਹਮਣੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਪੀ.ਆਰ.ਟੀ.ਸੀ. ਦੀ ਤੇਜ਼ ਰਫ਼ਤਾਰ ਬੱਸ ਨੇ ਉਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਹ ਬੱਸ ਗ਼ਲਤ ਦਿਸ਼ਾ ਤੋਂ ਆ ਰਹੀ ਸੀ। ਇਸ ਘਟਨਾ ਵਿੱਚ ਸੁਰਿੰਦਰ ਪਾਲ ਦੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਸਾਜਨ ਕੁਮਾਰ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਸਾਜਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਅਜੇ ਅਣਵਿਆਹਿਆ ਸੀ ।
ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

