Canada ਰਹਿੰਦੇ NRI ਦੀ ਬੰਦ ਕੋਠੀ ’ਤੇ ਚੱਲੀਆਂ ਗੋਲੀਆਂ; ਇਲਾਕੇ ’ਚ ਦਹਿਸ਼ਤ
ਚਿੱਟੇ ਰੰਗ ਦੀ ਕਾਰ ਵਿੱਚ ਆਏ ਸਨ ਹਮਲਾਵਰ; ਸੀ.ਸੀ.ਟੀ.ਵੀ. ਰਾਹੀਂ ਹੋਇਆ ਖੁਲਾਸਾ
ਪਿੰਡ ਹੇਰਾਂ ਵਿੱਚ ਬੁੱਧਵਾਰ ਤੜਕਸਾਰ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹੇਰਾਂ-ਰਾਜੋਆਣਾ ਕਲਾਂ ਸੰਪਰਕ ਸੜਕ ’ਤੇ ਸਥਿਤ ਕੈਨੇਡਾ ਵਾਸੀ ਐੱਨ.ਆਰ.ਆਈ. ਜਿੰਦਰ ਸਿੰਘ ਪੁੱਤਰ ਆਤਮਾ ਸਿੰਘ ਦੀ ਬੰਦ ਪਈ ਕੋਠੀ ਦੇ ਮੁੱਖ ਗੇਟ ’ਤੇ ਚਿੱਟੀ ਕਾਰ ਸਵਾਰ ਹਮਲਾਵਰਾਂ ਨੇ ਫ਼ਾਇਰਿੰਗ ਕਰ ਦਿੱਤੀ।
ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਅਨੁਸਾਰ ਵਾਰਦਾਤ ਸਵੇਰੇ ਕਰੀਬ 4:19 ਵਜੇ ਵਾਪਰੀ ਹੈ। ਕੋਠੀ ਦਾ ਮਾਲਕ ਪਿਛਲੇ ਕਰੀਬ 15 ਸਾਲਾਂ ਤੋਂ ਵਿਦੇਸ਼ ਵਿੱਚ ਰਹਿੰਦਾ ਹੈ। ਗੋਲੀਆਂ ਦੀ ਆਵਾਜ਼ ਸੁਣ ਕੇ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਅਤੇ ਹੋਰ ਜ਼ਰੂਰੀ ਕੰਮਾਂ ਲਈ ਘਰਾਂ ਤੋਂ ਨਿਕਲੇ ਲੋਕ ਸਹਿਮ ਗਏ।
ਥਾਣਾ ਸੁਧਾਰ ਦੀ ਪੁਲੀਸ ਨੇ ਸੂਚਨਾ ਮਿਲਣ ਬਾਅਦ ਮੌਕੇ ’ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ। ਥਾਣਾ ਮੁਖੀ ਕੁਲਵਿੰਦਰ ਸਿੰਘ ਅਨੁਸਾਰ ਸੀ.ਸੀ.ਟੀ.ਵੀ. ਫੁਟੇਜ ਵਿੱਚ ਚਿੱਟੀ ਕਾਰ ਕੋਠੀ ਦੇ ਗੇਟ ਸਾਹਮਣੇ ਰੁਕਦੀ ਦਿਖਾਈ ਦੇ ਰਹੀ ਹੈ। ਕੁਝ ਪਿੰਡ ਵਾਸੀਆਂ ਨੇ ਦੋ ਤੋਂ ਵੱਧ ਗੋਲੀਆਂ ਚੱਲਣ ਵਰਗੀ ਆਵਾਜ਼ ਸੁਣਨ ਦੀ ਗੱਲ ਕਹੀ ਹੈ। ਇਹ ਕੋਠੀ ਸਾਬਕਾ ਅਕਾਲੀ ਸਰਪੰਚ ਸਾਧੂ ਸਿੰਘ ਹੇਰਾਂ ਦੇ ਘਰ ਦੇ ਬਿਲਕੁਲ ਸਾਹਮਣੇ ਹੈ। ਪੁਲੀਸ ਇਹ ਵੀ ਜਾਂਚ ਕਰ ਰਹੀ ਹੈ ਕਿ ਇਹ ਪਛਾਣ ਦੇ ਭੁਲੇਖੇ ਦਾ ਮਾਮਲਾ ਵੀ ਹੋ ਸਕਦਾ ਹੈ।
ਪੁਲੀਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜਿੰਦਰ ਸਿੰਘ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਧਮਕੀ ਜਾਂ ਫਿਰੌਤੀ ਦੀ ਮੰਗ ਤਾਂ ਨਹੀਂ ਕੀਤੀ ਗਈ ਸੀ। ਵਾਰਦਾਤ ਦੀ ਜਾਂਚ ਲਈ ਤਕਨੀਕੀ ਅਤੇ ਫੋਰੈਂਸਿਕ ਟੀਮਾਂ ਨੂੰ ਵੀ ਬੁਲਾਇਆ ਗਿਆ। ਪੁਲੀਸ ਵੱਲੋਂ ਮੌਕੇ ਤੋਂ ਸਬੂਤ ਇਕੱਠੇ ਕਰਨ ਤੋਂ ਇਲਾਵਾ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

