ਸਰਾਫ਼ ਦੀ ਦੁਕਾਨ ’ਤੇ ਗੋਲੀਆਂ ਚਲਾਉਣ ਵਾਲਾ ਮੁਕਾਬਲੇ ਵਿੱਚ ਜ਼ਖ਼ਮੀ
ਇਥੋਂ ਦੇ ਵਾਲਮੀਕ ਚੌਕ ਵਿੱਚ ਸੋਨੂ ਜਿਊਲਰਜ਼ ਉੱਪਰ ਬੀਤੇ ਦਿਨੀਂ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਦਾ ਅੱਜ ਜੰਡਿਆਲਾ ਗੁਰੂ ਪੁਲੀਸ ਤੇ ਸੀ ਆਈ ਏ ਸਟਾਫ ਵੱਲੋਂ ਚਲਾਏ ਸਾਂਝੇ ਅਪਰੇਸ਼ਨ ਦੌਰਾਨ ਮੁਕਾਬਲਾ ਹੋਇਆ। ਇਸ ਵਿੱਚ ਇੱਕ ਮੁਲਜ਼ਮ ਲੱਤ ਵਿੱਚ ਗੋਲੀ ਲੱਗੀ ਤੇ...
ਇਥੋਂ ਦੇ ਵਾਲਮੀਕ ਚੌਕ ਵਿੱਚ ਸੋਨੂ ਜਿਊਲਰਜ਼ ਉੱਪਰ ਬੀਤੇ ਦਿਨੀਂ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਦਾ ਅੱਜ ਜੰਡਿਆਲਾ ਗੁਰੂ ਪੁਲੀਸ ਤੇ ਸੀ ਆਈ ਏ ਸਟਾਫ ਵੱਲੋਂ ਚਲਾਏ ਸਾਂਝੇ ਅਪਰੇਸ਼ਨ ਦੌਰਾਨ ਮੁਕਾਬਲਾ ਹੋਇਆ। ਇਸ ਵਿੱਚ ਇੱਕ ਮੁਲਜ਼ਮ ਲੱਤ ਵਿੱਚ ਗੋਲੀ ਲੱਗੀ ਤੇ ਤਿੰਨ ਹੋਰ ਮੁਲਜ਼ਮ ਕਾਬੂ ਕਰ ਲਏ। ਜ਼ਖ਼ਮੀ ਮੁਲਜ਼ਮ ਦੀ ਪਛਾਣ ਕਵਿਸ਼ ਵਜੋਂ ਹੋਈ ਹੈ। ਐੱਸ ਐੱਸ ਪੀ ਦਿਹਾਤੀ ਸੋਹੇਲ ਕਾਸਿਮ ਮੀਰ ਨੇ ਕਿਹਾ ਕਿ ਪੰਜ ਜਨਵਰੀ ਨੂੰ ਸਥਾਨਕ ਵਾਲਮੀਕੀ ਚੌਕ ਵਿੱਚ ਸਥਿਤ ਸੋਨੂੰ ਜਿਊਲਰਜ਼ ਉੱਪਰ ਦਿਨ ਦਿਹਾੜੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ ਸਨ। ਪੁਲੀਸ ਨੇ ਲਗਾਤਾਰ ਜਾਂਚ ਤੇ ਤਕਨੀਕੀ ਛਾਣਬੀਣ ਦੇ ਆਧਾਰ ’ਤੇ ਦੋ-ਤਿੰਨ ਦਿਨਾਂ ਵਿੱਚ ਹੀ ਮੁਲਜ਼ਮਾਂ ਦੀ ਪਛਾਣ ਕਰ ਲਈ। ਪਹਿਲਾਂ ਤਰਨ ਤਾਰਨ ਦੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਪੁੱਛ ਪੜਤਾਲ ਦੌਰਾਨ ਉਨ੍ਹਾਂ ਰੇਕੀ ਕਰਨ ਅਤੇ ਮੋਟਰਸਾਈਕਲ ਮੁਹੱਈਆ ਕਰਵਾਉਣ ਦੀ ਗੱਲ ਕਬੂਲ ਕੀਤੀ। ਇਨ੍ਹਾਂ ਨੇ ਗੋਲੀ ਚਲਾਉਣ ਵਾਲੇ ਦੋ ਹੋਰ ਮੁਲਜ਼ਮਾਂ, ਜੋ ਤਰਨ ਤਾਰਨ ਦੇ ਰਹਿਣ ਵਾਲੇ ਹਨ, ਬਾਰੇ ਜਾਣਕਾਰੀ ਦਿੱਤੀ। ਪੁਲੀਸ ਵੱਲੋਂ ਨਾਕੇਬੰਦੀ ਕੀਤੀ ਗਈ ਅਤੇ ਇਸ ਦੌਰਾਨ ਜੰਡਿਆਲਾ ਗੁਰੂ ਦੇ ਪਿੰਡ ਗੰਨੋਵਾਲ ਵਿੱਚ ਪੁਲੀਸ ਨੂੰ ਦੋ ਵਿਅਕਤੀ ਮੋਟਰਸਾਈਕਲ ਉੱਪਰ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਨੇ ਮੋਟਰਸਾਈਕਲ ਨਹਿਰ ਵੱਲ ਭਜਾ ਲਿਆ। ਇਸ ਦੌਰਾਨ ਉਨ੍ਹਾਂ ਦਾ ਮੋਟਰਸਾਈਕਲ ਤਿਲਕ ਗਿਆ ਅਤੇ ਉਨ੍ਹਾਂ ਨੇ ਪੁਲੀਸ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲੀਸ ਵੱਲੋਂ ਜਵਾਬੀ ਕਾਰਵਾਈ ’ਚ ਇੱਕ ਮੁਲਜ਼ਮ ਦੇ ਲੱਤ ਵਿੱਚ ਗੋਲੀ ਲੱਗੀ।

