ਫਿਰੌਤੀ ਦੀ ਮੰਗ ਨੂੰ ਲੈਕੇ ਕੱਪੜਾ ਵਪਾਰੀ ਦੀ ਦੁਕਾਨ ’ਤੇ ਚੱਲੀਆਂ ਗੋਲੀਆਂ
ਸਬ ਡਵੀਜ਼ਨ ਖਡੂਰ ਸਾਹਿਬ ਦੇ ਕਸਬਾ ਫਤਿਆਬਾਦ ਵਿੱਚ ਅੱਜ ਦੇਰ ਸ਼ਾਮ ਉਸ ਸਮੇਂ ਭਾਰੀ ਦਹਿਸ਼ਤ ਫੈਲ ਗਈ, ਜਦੋਂ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਇੱਕ ਕੱਪੜਾ ਵਪਾਰੀ ਦੀ ਦੁਕਾਨ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਪੀੜਤ ਵਪਾਰੀ ਮੋਹਨ ਸਿੰਘ ਅਨੁਸਾਰ, ਚਾਰ ਦਿਨ...
ਸਬ ਡਵੀਜ਼ਨ ਖਡੂਰ ਸਾਹਿਬ ਦੇ ਕਸਬਾ ਫਤਿਆਬਾਦ ਵਿੱਚ ਅੱਜ ਦੇਰ ਸ਼ਾਮ ਉਸ ਸਮੇਂ ਭਾਰੀ ਦਹਿਸ਼ਤ ਫੈਲ ਗਈ, ਜਦੋਂ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਇੱਕ ਕੱਪੜਾ ਵਪਾਰੀ ਦੀ ਦੁਕਾਨ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਪੀੜਤ ਵਪਾਰੀ ਮੋਹਨ ਸਿੰਘ ਅਨੁਸਾਰ, ਚਾਰ ਦਿਨ ਪਹਿਲਾਂ ਉਸ ਕੋਲੋਂ ਫੋਨ ’ਤੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਅਤੇ ਪੈਸੇ ਨਾ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ।
ਹਾਲਾਂਕਿ ਇਸ ਗੋਲੀਬਾਰੀ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਵਪਾਰੀ ਦਾ ਪੂਰਾ ਪਰਿਵਾਰ ਗਹਿਰੀ ਦਹਿਸ਼ਤ ਵਿੱਚ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਅਤੇ ਚੌਕੀ ਇੰਚਾਰਜ ਲਖਬੀਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਵਿਸ਼ਵਾਸ ਦਵਾਇਆ।
ਦੂਜੇ ਪਾਸੇ, ਅਕਾਲੀ ਆਗੂ ਹਰਪ੍ਰੀਤ ਸਿੰਘ ਮਿੰਨਾ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਹਲਕਾ ਖਡੂਰ ਸਾਹਿਬ ਦਾ ਸਮੁੱਚਾ ਵਪਾਰ ਵਰਗ ਅੱਜ ਗੈਂਗਸਟਰਾਂ ਦੇ ਖ਼ੌਫ਼ ਹੇਠ ਜੀ ਰਿਹਾ ਹੈ ਅਤੇ ਪੁਲੀਸ ਦਾ ‘ਪ੍ਰਹਾਰ’ ਅਭਿਆਨ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਆਏ ਦਿਨ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਆਮ ਲੋਕ ਸਹਿਮ ਦੇ ਮਾਹੌਲ ਵਿੱਚ ਹਨ। ਉਨ੍ਹਾਂ ਜ਼ਿਲ੍ਹਾ ਪੁਲੀਸ ਮੁਖੀ ਤੋਂ ਮੰਗ ਕੀਤੀ ਕਿ ਫਿਰੌਤੀਆਂ ਮੰਗਣ ਅਤੇ ਗੋਲੀਆਂ ਚਲਾਉਣ ਵਾਲੇ ਅਨਸਰਾਂ ਖਿਲਾਫ਼ ਅਜਿਹੀ ਕਾਰਵਾਈ ਕੀਤੀ ਜਾਵੇ ਜੋ ਮਿਸਾਲ ਬਣ ਸਕੇ।

