Gulab Sidhu Firing case: ਮੂਸੇਵਾਲਾ ਦੇ ਪੁਰਾਣੇ ਮੈਨੇਜਰ ਸ਼ਗਨਪ੍ਰੀਤ ਦੇ ਪਿਤਾ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ
ਗੁਲਾਬ ਸਿੱਧੂ ਫ਼ਾਇਰਿੰਗ ਕੇਸ ਵਿੱਚ 10ਵੇਂ ਮੁਲਜ਼ਮ ਵਜੋਂ ਹੋਈ ਗ੍ਰਿਫ਼ਤਾਰੀ
ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪੁਰਾਣੇ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਨੂੰ ਮੰਗਲਵਾਰ ਨੂੰ ਗਾਇਕ ਗੁਲਾਬ ਸਿੱਧੂ ਦੇ ਘਰ ਹੋਈ ਫ਼ਾਇਰਿੰਗ ਦੇ ਮਾਮਲੇ ਵਿੱਚ ਬਰਨਾਲਾ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਲਗਪਗ 65 ਸਾਲਾ ਸੌਦਾਗਰ ਨੂੰ ਸ਼ੁੱਕਰਵਾਰ ਨੂੰ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ਨੂੰ ਉੱਥੇ ਇੱਕ ਹੋਰ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਉਹ ਗੁਲਾਬ ਸਿੱਧੂ ਫ਼ਾਇਰਿੰਗ ਕੇਸ ਵਿੱਚ ਗ੍ਰਿਫ਼ਤਾਰ ਹੋਣ ਵਾਲਾ 10ਵਾਂ ਵਿਅਕਤੀ ਹੈ।
ਸ਼ਗਨਪ੍ਰੀਤ, ਜਿਸ ਨੂੰ ਮੁਹਾਲੀ ਪੁਲੀਸ ਯੂਥ ਅਕਾਲੀ ਦਲ (ਵਾਈ.ਏ.ਡੀ.) ਦੇ ਆਗੂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ 2021 ਦੇ ਕਤਲ ਕੇਸ ਵਿੱਚ ਤਲਾਸ਼ ਰਹੀ ਹੈ ਅਤੇ ਜਿਸ ਦੇ ਆਸਟਰੇਲੀਆ ਵਿੱਚ ਹੋਣ ਦਾ ਸ਼ੱਕ ਹੈ, ਨੂੰ ਵੀ ਇਸ ਫ਼ਾਇਰਿੰਗ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ, ਬਰਨਾਲਾ ਪੁਲੀਸ ਨੇ ਗੁਲਾਬ ਸਿੱਧੂ ਫ਼ਾਇਰਿੰਗ ਮਾਮਲੇ ਵਿੱਚ ਦੋ ਕਥਿਤ ਸ਼ੂਟਰਾਂ ਸਮੇਤ ਨੌਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਦੋ ਜ਼ਿਗਾਨਾ ਪਿਸਤੌਲਾਂ ਸਮੇਤ ਹਥਿਆਰ ਬਰਾਮਦ ਕੀਤੇ ਸਨ।
ਤਿੰਨ ਮਾਸਕ ਪਾਏ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ 12 ਅਤੇ 13 ਸਤੰਬਰ ਦੀ ਦਰਮਿਆਨੀ ਰਾਤ ਨੂੰ ਬਰਨਾਲਾ ਦੇ ਬਾਹਰਵਾਰ ਪਿੰਡ ਫਰਵਾਹੀ ਵਿਖੇ ਗੁਲਾਬ ਸਿੱਧੂ ਦੇ ਘਰ ’ਤੇ ਘੱਟੋ-ਘੱਟ ਛੇ ਗੋਲੀਆਂ ਚਲਾਈਆਂ ਸਨ। ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ਸੀ।

