ਜੋਗਿੰਦਰ ਸਿੰਘ ਮਾਨ
ਮਾਨਸਾ, 25 ਅਗਸਤ
ਪੰਜਾਬ ਦੇ ਵੱਡੀ ਗਿਣਤੀ ਸਰਕਾਰੀ ਕਾਲਜਾਂ ਵਿੱਚ 20-20 ਸਾਲਾਂ ਤੋਂ ਪੜ੍ਹਾ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਹੁਣ ਤੱਕ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਲਈ ਹੈ। ਇਨ੍ਹਾਂ ਦੀ ਗਿਣਤੀ 878 ਹੈ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਪਿਛਲੇ ਦੋ ਦਹਾਕਿਆਂ ਤੋਂ ਕਾਲਜਾਂ ਵਿੱਚ ਪੜ੍ਹਾਅ ਰਹੇ ਹਨ। ਇਹ ਗੈਸਟ ਫੈਕਲਟੀ ਲਗਾਤਾਰ ਪਹਿਲਾਂ ਅਕਾਲੀ ਤੇ ਕਾਂਗਰਸ ਸਰਕਾਰਾਂ ਤੋਂ ਅਤੇ ਹੁਣ ‘ਆਪ’ ਸਰਕਾਰ ਤੋਂ ਪੱਕੇ ਕੀਤੇ ਜਾਣ ਦੀ ਮੰਗ ਕਰਦੇ ਆ ਰਹੇ ਹਨ ਤੇ ਹੁਣ ਤਾਂ ਕਈ ਪ੍ਰੋਫੈਸਰ ਰਿਟਾਇਰਮੈਂਟ ਦੇ ਨੇੜੇ ਵੀ ਪੁੱਜ ਚੱਲੇ ਹਨ, ਪਰ ਹਾਲੇ ਤੱਕ ਕਿਸੇ ਵੀ ਸਰਕਾਰ ਨੇ ਇਨ੍ਹਾਂ ਦੀ ਸਾਰ ਨਹੀਂ ਲਈ ਹੈ। ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਰਾਵਿੰਦਰ ਸਿੰਘ ਨੇ ਅੱਜ ਇਥੇ ਦੱਸਿਆ ਕਿ ਉਹ 25 ਅਗਸਤ 2003 ਤੋਂ ਮਾਨਸਾ ਦੇ ਨਹਿਰੂ ਕਾਲਜ ਵਿੱਚ ਪੜ੍ਹਾ ਰਹੇ ਹਨ, ਪਰ ਇੰਨੇ ਲੰਬੇ ਸਮੇਂ ਦੇ ਬਾਵਜੂਦ ਹਾਲੇ ਤੱਕ ਪੱਕੀ ਨੌਕਰੀ ਦਾ ਭਰੋਸਾ ਉਨ੍ਹਾਂ ਨੂੰ ਨਹੀਂ ਮਿਲ ਸਕਿਆ ਹੈ। ਨਹਿਰੂ ਕਾਲਜ ਮਾਨਸਾ ਦੇ ਇੱਕ ਹੋਰ ਪ੍ਰੋ. ਅੰਬੇਸ਼ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਦੇ ਪੜ੍ਹਾਏ ਹੋਏ ਕਈ ਵਿਦਿਆਰਥੀ ਅੱਜ ਉੱਚ ਅਧਿਕਾਰੀ ਬਣ ਚੁੱਕੇ ਹਨ, ਪਰ ਉਨ੍ਹਾਂ ਦੇ ਭਵਿੱਖ ਦਾ ਸੂਰਜ ਹਾਲੇ ਵੀ ਗ੍ਰਹਿਣ ਦੀ ਮਾਰ ਹੇਠ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀਆਂ ਨੌਕਰੀਆਂ ਪੱਕੀਆਂ ਕੀਤੀਆਂ ਜਾਣ।