Group D Recruitment: ਗਰੁੱਪ ਡੀ ਅਸਾਮੀਆਂ: 42 ਫੀਸਦ ਉਮੀਦਵਾਰ ਪੰਜਾਬੀ ’ਚੋਂ ਫੇਲ੍ਹ
ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਲਈ ਭਰਤੀ ਪ੍ਰੀਖਿਆ ’ਚ 42 ਫ਼ੀਸਦੀ ਉਮੀਦਵਾਰ ਪੰਜਾਬੀ ਭਾਸ਼ਾ ਦੀ ਲਿਖਤੀ ਪ੍ਰੀਖਿਆ ’ਚੋਂ ਫ਼ੇਲ੍ਹ ਹੋ ਗਏ ਹਨ। ਸਭ ਤੋਂ ਵੱਧ ਉਮੀਦਵਾਰ ਮਾਝਾ ਖਿੱਤੇ ’ਚੋਂ ਫ਼ੇਲ੍ਹ ਹੋਏ ਹਨ ਜਦੋਂ ਕਿ ਮਾਲਵਾ ਖਿੱਤੇ ’ਚੋਂ ਪਾਸ ਹੋਣ ਦੀ...
ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਲਈ ਭਰਤੀ ਪ੍ਰੀਖਿਆ ’ਚ 42 ਫ਼ੀਸਦੀ ਉਮੀਦਵਾਰ ਪੰਜਾਬੀ ਭਾਸ਼ਾ ਦੀ ਲਿਖਤੀ ਪ੍ਰੀਖਿਆ ’ਚੋਂ ਫ਼ੇਲ੍ਹ ਹੋ ਗਏ ਹਨ। ਸਭ ਤੋਂ ਵੱਧ ਉਮੀਦਵਾਰ ਮਾਝਾ ਖਿੱਤੇ ’ਚੋਂ ਫ਼ੇਲ੍ਹ ਹੋਏ ਹਨ ਜਦੋਂ ਕਿ ਮਾਲਵਾ ਖਿੱਤੇ ’ਚੋਂ ਪਾਸ ਹੋਣ ਦੀ ਦਰ ਉੱਚੀ ਰਹੀ ਹੈ। ਦੂਜੇ ਸੂਬਿਆਂ ਦੇ ਉਮੀਦਵਾਰਾਂ ਦੀ ਪੰਜਾਬੀ ’ਚੋਂ ਪਾਸ ਹੋਣ ਦੀ ਦਰ ਸੂਬਾਈ ਔਸਤ ਦੇ ਬਰਾਬਰ ਰਹੀ ਹੈ। ਅਧੀਨ ਸੇਵਾਵਾਂ ਚੋਣ ਬੋਰਡ ਨੇ ਗਰੁੱਪ-ਡੀ ਦੀ ਭਰਤੀ ਲਈ 5 ਅਪਰੈਲ ਨੂੰ ਲਿਖਤੀ ਪ੍ਰੀਖਿਆ ਲਈ ਸੀ। ਇਨ੍ਹਾਂ ਅਸਾਮੀਆਂ ਲਈ ਵੱਡੀ ਗਿਣਤੀ ਉਮੀਦਵਾਰ ਗਰੈਜੂਏਟ ਜਾਂ ਉੱਚ ਵਿਦਿਆ ਹਾਸਲ ਸਨ।
ਪੰਜਾਬ ਸਰਕਾਰ ਵੱਲੋਂ ਗਰੁੱਪ-ਡੀ ਤਹਿਤ ਸੇਵਾਦਾਰ/ਚੌਕੀਦਾਰ/ਸਵੀਪਰ ਭਰਤੀ ਕੀਤੇ ਜਾਣੇ ਹਨ। ਇਸ ਭਰਤੀ ਲਈ ਯੋਗਤਾ ਦਸਵੀਂ ਰੱਖੀ ਗਈ ਸੀ ਅਤੇ ਦਸਵੀਂ ਪੱਧਰ ਦੀ ਪੰਜਾਬੀ ਦੀ ਲਿਖਤੀ ਪ੍ਰੀਖਿਆ ਦਾ ਪੇਪਰ ਸੀ। ਇਨ੍ਹਾਂ ਅਸਾਮੀਆਂ ਲਈ 1.25 ਲੱਖ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਇਨ੍ਹਾਂ ’ਚੋਂ 78,159 ਉਮੀਦਵਾਰਾਂ ਨੇ ਲਿਖਤੀ ਪ੍ਰੀਖਿਆ ਦਿੱਤੀ ਜਦੋਂ ਕਿ 47,468 ਉਮੀਦਵਾਰ ਗ਼ੈਰਹਾਜ਼ਰ ਰਹੇ। ਲਿਖਤੀ ਪ੍ਰੀਖਿਆ ’ਚ ਬੈਠਣ ਵਾਲੇ ਉਮੀਦਵਾਰਾਂ ’ਚੋਂ ਪੰਜਾਬੀ ਦੀ ਲਿਖਤੀ ਪ੍ਰੀਖਿਆ 32,737 ਉਮੀਦਵਾਰ ਪਾਸ ਨਹੀਂ ਕਰ ਸਕੇ ਜੋ ਕਿ 42 ਫ਼ੀਸਦੀ ਬਣਦੇ ਹਨ। ਇਸ ਪ੍ਰੀਖਿਆ ਦਾ ਨਤੀਜਾ ਹੁਣ ਐਲਾਨਿਆ ਗਿਆ ਹੈ।
ਪਠਾਨਕੋਟ ਜ਼ਿਲ੍ਹੇ ’ਚ ਸਭ ਤੋਂ ਵੱਧ 65 ਫ਼ੀਸਦੀ ਉਮੀਦਵਾਰ ਪੰਜਾਬੀ ਭਾਸ਼ਾ ਦਾ ਪੇਪਰ ਪਾਸ ਨਹੀਂ ਕਰ ਸਕੇ ਜਦੋਂ ਕਿ ਤਰਨ ਤਾਰਨ ਜ਼ਿਲ੍ਹੇ ਦੇ 59 ਫ਼ੀਸਦੀ ਪੰਜਾਬੀ ’ਚੋਂ ਫ਼ੇਲ੍ਹ ਹਨ। ਤੀਜੇ ਨੰਬਰ ’ਤੇ ਜ਼ਿਲ੍ਹਾ ਗੁਰਦਾਸਪੁਰ ਦੇ 54 ਫ਼ੀਸਦੀ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ 53 ਫ਼ੀਸਦੀ ਉਮੀਦਵਾਰ ਪੰਜਾਬੀ ’ਚੋਂ ਫੇਲ੍ਹ ਰਹੇ। ਜ਼ਿਲ੍ਹਾ ਮਾਨਸਾ ਦੇ ਸਭ ਤੋਂ ਘੱਟ 34 ਫ਼ੀਸਦੀ ਉਮੀਦਵਾਰ ਹੀ ਪੰਜਾਬੀ ’ਚੋਂ ਫੇਲ੍ਹ ਹੋਏ ਅਤੇ ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਦੇ 35 ਫ਼ੀਸਦੀ ਉਮੀਦਵਾਰ ਪੰਜਾਬੀ ’ਚੋਂ ਫੇਲ੍ਹ ਰਹੇ। ਕਿਸੇ ਸਮਿਆਂ ’ਚ ਇਨ੍ਹਾਂ ਜ਼ਿਲ੍ਹਿਆਂ ਨੂੰ ਵਿੱਦਿਅਕ ਤੌਰ ’ਤੇ ਪਛੜਿਆ ਸਮਝਿਆ ਜਾਂਦਾ ਸੀ। ਇਵੇਂ ਬਰਨਾਲਾ ਜ਼ਿਲ੍ਹੇ ’ਚੋਂ 36 ਫ਼ੀਸਦੀ ਉਮੀਦਵਾਰ ਹੀ ਪੰਜਾਬੀ ’ਚੋਂ ਫੇਲ੍ਹ ਹੋਏ ਹਨ।
ਉਪਰੋਕਤ ਅਸਾਮੀਆਂ ਲਈ ਦੂਜੇ ਸੂਬਿਆਂ ਦੇ 2079 ਉਮੀਦਵਾਰਾਂ ਨੇ ਲਿਖਤੀ ਪ੍ਰੀਖਿਆ ਦਿੱਤੀ ਜਿਨ੍ਹਾਂ ’ਚੋਂ 1202 ਉਮੀਦਵਾਰਾਂ ਨੇ ਪੰਜਾਬੀ ਦਾ ਪੇਪਰ ਪਾਸ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜ਼ਿਲ੍ਹੇ ਸੰਗਰੂਰ ਦੇ 40 ਫ਼ੀਸਦੀ ਉਮੀਦਵਾਰ ਪੰਜਾਬੀ ’ਚੋਂ ਅਸਫਲ ਰਹੇ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਜੱਦੀ ਜ਼ਿਲ੍ਹੇ ਰੂਪਨਗਰ ਦੇ 45 ਫ਼ੀਸਦੀ ਉਮੀਦਵਾਰ ਪੰਜਾਬੀ ਦੀ ਲਿਖਤੀ ਪ੍ਰੀਖਿਆ ’ਚੋਂ ਫੇਲ੍ਹ ਹੋ ਗਏ।
‘ਅਸਲ ਵਜ੍ਹਾ ਪ੍ਰਾਇਮਰੀ ਸਿੱਖਿਆ ’ਚ ਵਿਗਾੜ’
ਭਾਸ਼ਾ ਵਿਗਿਆਨੀ ਪ੍ਰੋ. ਬੂਟਾ ਸਿੰਘ ਬਰਾੜ ਨੇ ਕਿਹਾ ਕਿ ਅਸਲ ਵਜ੍ਹਾ ਪ੍ਰਾਇਮਰੀ ਸਿੱਖਿਆ ’ਚ ਵਿਗਾੜ ਹੈ। ਪਬਲਿਕ ਸਕੂਲਾਂ ’ਚ ਵੀ ਹਿੰਦੀ ਤੇ ਅੰਗਰੇਜ਼ੀ ਦਾ ਬੋਲਬਾਲਾ ਹੈ ਅਤੇ ਦੋਆਬੇ ’ਚ ਬਹੁਤੇ ਲੋਕ ਪਰਵਾਸ ਕਰ ਗਏ ਹਨ ਜਦੋਂ ਕਿ ਭਾਸ਼ਾ ਵਜੋਂ ਮਾਲਵਾ ਖਿੱਤਾ ਹਮੇਸ਼ਾ ਹੀ ਅਮੀਰ ਰਿਹਾ ਹੈ।

