ਸਰਕਾਰਾਂ ਨੇ ਵਿਮੁਕਤ ਸਮਾਜ ਦੀ ਸਾਰ ਨਹੀਂ ਲਈ: ਸੈਣੀ
ਵਿਮੁਕਤ ਜਾਤੀ ਦਿਵਸ ਮਨਾਇਆ; ਸੰਧੂ ਵੱਲੋਂ ਕੇਂਦਰ ਕੋਲ ਮਸਲੇ ਚੁੱਕਣ ਦਾ ਭਰੋਸਾ
ਚੰਡੀਗੜ੍ਹ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਰਿਹਾਇਸ਼ ’ਤੇ 75ਵਾਂ ਵਿਮੁਕਤ ਜਾਤੀ ਦਿਵਸ ਮਨਾਇਆ ਗਿਆ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਵਿਮੁਕਤ, ਘੁਮੰਤੂ ਅਤੇ ਅਰਧ-ਘੁਮੰਤੂ ਭਾਈਚਾਰਿਆਂ ਦੇ ਆਗੂਆਂ ਅਤੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸਮਾਜ ਦੇ ਲੰਮੇ ਸਮੇਂ ਤੋਂ ਲਟਕਦੇ ਮਸਲਿਆਂ ਨੂੰ ਕੇਂਦਰ ਕੋਲ ਚੁੱਕਣ ਦਾ ਭਰੋਸਾ ਦਿੱਤਾ।
ਉਨ੍ਹਾਂ ਕਿਹਾ ਕਿ ਵਿਮੁਕਤ ਭਾਈਚਾਰਿਆਂ ਨੇ ਔਖੇ ਹਾਲਾਤ ਦੇ ਬਾਵਜੂਦ ਪੰਜਾਬ ਦੀਆਂ ਕਈ ਲੋਕ-ਕਲਾਵਾਂ, ਦਸਤਕਾਰੀਆਂ, ਰਵਾਇਤੀ ਹੁਨਰਾਂ ਅਤੇ ਵਿਰਾਸਤੀ ਕਿੱਤਿਆਂ ਨੂੰ ਪੀੜ੍ਹੀ-ਦਰ-ਪੀੜ੍ਹੀ ਸਾਂਭਿਆ ਹੈ। ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਲੰਮੇ ਸਮੇਂ ਤੱਕ ਸ਼ਾਸਨ ਕਰਨ ਵਾਲੀਆਂ ਸਰਕਾਰਾਂ ਨੇ ਸਮਾਜ ਦੀ ਸਾਰ ਨਹੀਂ ਲਈ ਅਤੇ ਬੁਨਿਆਦੀ ਅਧਿਕਾਰਾਂ ਤੋਂ ਵਾਂਝੇ ਰੱਖਿਆ। ਉਨ੍ਹਾਂ ਸਾਲ 2014 ਤੋਂ ਕੇਂਦਰ ਵਿੱਚ ਪ੍ਰਧਾਨ ਮੰਤਰੀ ਨਰਿੰਦਰਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਹਰਿਆਣਾ ਵਿੱਚ 1.60 ਲੱਖ ਪਰਿਵਾਰਾਂ ਨੂੰ ਪੱਕੇ ਮਕਾਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਆਵਾਸ ਨਵੀਨੀਕਰਨ ਯੋਜਨਾ ਤਹਿਤ ਮਕਾਨ ਮੁਰੰਮਤ ਸਹਾਇਤਾ ਰਾਸ਼ੀ 30 ਹਜ਼ਾਰ ਰੁਪਏ ਤੋਂ ਵਧਾ ਕੇ 80 ਹਜ਼ਾਰ ਰੁਪਏ ਕੀਤੀ, ਜਿਸ ਨਾਲ 85,815 ਪਰਿਵਾਰਾਂ ਨੂੰ 416 ਕਰੋੜ ਰੁਪਏ ਦੀ ਮਦਦ ਦਿੱਤੀ ਹੈ। ਇਸ ਤੋਂ ਇਲਾਵਾ ਗਰੀਬ ਪਰਿਵਾਰਾਂ ਨੂੰ 500 ਰੁਪਏ ਵਿੱਚ ਗੈਸ ਸਿਲੰਡਰ ਦਿੱਤੇ ਅਤੇ ਧੀਆਂ ਦੇ ਵਿਆਹ ਲਈ 3.85 ਲੱਖ ਪਰਿਵਾਰਾਂ ਨੂੰ 1,523 ਕਰੋੜ ਰੁਪਏ ਦੀ ਸ਼ਗਨ ਰਾਸ਼ੀ ਦਿੱਤੀ ਗਈ।

