ਮੁਹਾਲੀ ਨੂੰ ਆਈ ਟੀ ਹੱਬ ਵਜੋਂ ਵਿਕਸਤ ਕਰੇਗੀ ਸਰਕਾਰ: ਭਗਵੰਤ ਮਾਨ
ਸੂਬੇ ਨੂੰ ਆਈ ਟੀ ਖੇਤਰ ਵਿੱਚ ਮੋਹਰੀ ਬਣਾਉਣ ਲਈ ਨੈਸਕੌਮ ਦੇ ਵਫ਼ਦ ਨਾਲ ਮੁਲਾਕਾਤ ਕੀਤੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਆਪਣੀ ਰਿਹਾਇਸ਼ ’ਤੇ ਨੈਸ਼ਨਲ ਐਸੋਸੀਏਸ਼ਨ ਆਫ ਸਾਫਟਵੇਅਰ ਐਂਡ ਸਰਵਿਸਿਜ਼ ਕੰਪਨੀਜ਼ (ਨੈਸਕੌਮ) ਦੇ ਵਫ਼ਦ ਨਾਲ ਮੀਟਿੰਗ ਕੀਤੀ। ਉਨ੍ਹਾਂ ਨੈਸਕੌਮ ਨੂੰ ਮੁਹਾਲੀ ਵਿੱਚ ਅਤਿ-ਆਧੁਨਿਕ ਸਟਾਰਟਅੱਪ ਇਨਕਿਊਬੇਟਰ ਵਿੱਚ ਪੰਜਾਬ ਨਾਲ ਭਾਈਵਾਲੀ ਕਰਨ ਅਤੇ ਸੂਬੇ ਦੇ ਸਟਾਰਟਅੱਪ ਅਤੇ ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਮੁੱਖ ਮੰਤਰੀ ਨੇ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਤੇਜ਼ੀ ਨਾਲ ਆਈ ਟੀ ਹੱਬ ਵਜੋਂ ਉੱਭਰ ਰਿਹਾ ਹੈ, ਜਿਸ ਤਹਿਤ ਮੁਹਾਲੀ ਏ ਆਈ, ਡਿਜੀਟਲ ਇਨੋਵੇਸ਼ਨ ਅਤੇ ਗਲੋਬਲ ਕੈਪੇਬਿਲਟੀ ਸੈਂਟਰਾਂ ਲਈ ਮੋਹਰੀ ਕੇਂਦਰ ਬਣਨ ਲਈ ਤਿਆਰ ਹੈ, ਜਿੱਥੇ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਮਜ਼ਬੂਤ ਹੁਨਰਮੰਦ ਪ੍ਰਤਿਭਾ ਪੂਲ, ਘੱਟ ਕਾਰੋਬਾਰੀ ਲਾਗਤਾਂ, ‘ਇਨਵੈਸਟ ਪੰਜਾਬ’ ਅਤੇ ਨਵੀਂ ਜੀ ਸੀ ਸੀ ਨੀਤੀ 2026 ਤਕਨਾਲੋਜੀ ਕੰਪਨੀਆਂ ਅਤੇ ਨਵੇਂ ਨਿਵੇਸ਼ ਲਈ ਮਜ਼ਬੂਤ ਈਕੋ-ਸਿਸਟਮ ਤਿਆਰ ਕੀਤਾ ਜਾ ਰਿਹਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਤਕਨੀਕ ਆਧਾਰਤ ਤਬਦੀਲੀ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਅਤੇ ਸੂਬੇ ਵਿੱਚ ਅਗਲੀ ਪੀੜ੍ਹੀ ਲਈ ਉਦਯੋਗਿਕ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਉੱਭਰ ਰਹੇ ਤਕਨੀਕੀ ਮਾਡਲਾਂ ਦਾ ਲਾਭ ਉਠਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਬਹੁ-ਕੌਮੀ ਕਾਰਪੋਰੇਸ਼ਨਾਂ ਪੰਜਾਬ ਭਰ ਵਿੱਚ, ਖ਼ਾਸ ਕਰ ਕੇ ਮੁਹਾਲੀ ਵਿੱਚ ਨਿਵੇਸ਼ ਲਈ ਭਾਰੀ ਦਿਲਚਸਪੀ ਦਿਖਾ ਰਹੀਆਂ ਹਨ। ਮੁਹਾਲੀ ਵਿਸ਼ਵ ਪੱਧਰੀ ਹਵਾਈ, ਰੇਲ ਅਤੇ ਸੜਕੀ ਸੰਪਰਕ, ਉੱਚ ਪੱਧਰੀ ਮੈਡੀਕਲ ਸਹੂਲਤਾਂ, ਮਿਆਰੀ ਵਿੱਦਿਅਕ ਸੰਸਥਾਵਾਂ ਅਤੇ ਜ਼ਮੀਨ ਦੀ ਉਪਲਬਧਤਾ ਨਾਲ ਬੇਮਿਸਾਲ ਬੁਨਿਆਦੀ ਢਾਂਚਾ ਪੇਸ਼ ਕਰਦਾ ਹੈ। ਇਹ ਚੀਜ਼ਾਂ ਮੁਹਾਲੀ ਨੂੰ ਗਲੋਬਲ ਕੰਪਨੀਆਂ ਅਤੇ ਤਕਨਾਲੋਜੀ ਆਧਾਰਤ ਨਿਵੇਸ਼ ਲਈ ਆਕਰਸ਼ਕ ਸਥਾਨ ਬਣਾਉਂਦੀਆਂ ਹਨ। ਮੁਹਾਲੀ ਦੇ ਆਲੇ-ਦੁਆਲੇ ਛੇ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਸਥਿਤ ਹਨ, ਜੋ ਗਲੋਬਲ ਕੰਪਨੀਆਂ ਨੂੰ ਪ੍ਰਤਿਭਾ ਪੂਲ ਤੱਕ ਸਿੱਧੀ ਪਹੁੰਚ ਦਿੰਦੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਨਿਵੇਸ਼ ਈਕੋ-ਸਿਸਟਮ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਤਕਨੀਕ ਸੰਚਾਲਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੂਬੇ ਦੇ ਖੇਤੀਬਾੜੀ ਖੇਤਰ ਵਿੱਚ ਏ ਆਈ ਨੂੰ ਸ਼ਾਮਲ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਆਈ ਆਈ ਟੀ ਰੋਪੜ ਅਤੇ ਕੇਂਦਰੀ ਖੇਤੀਬਾੜੀ ਮੰਤਰਾਲੇ ਨਾਲ ਹੱਥ ਮਿਲਾਇਆ ਹੈ। ਇਹ ਸਹਿਯੋਗ ਕਿਸਾਨਾਂ ਦੀ ਪੈਦਾਵਾਰ ਵਧਾਉਣ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਸਮਾਰਟ ਫਾਰਮਿੰਗ ਮਾਡਲਾਂ ਅਤੇ ਭਵਿੱਖਬਾਣੀ ਵਿਸ਼ਲੇਸ਼ਣ ਨੂੰ ਏਕੀਕ੍ਰਿਤ ਕਰਨ ਵੱਲ ਕੰਮ ਕਰੇਗਾ।
ਕਬੱਡੀ ਖਿਡਾਰੀ ਗੁਰਜੀਤ ਸਿੰਘ ਦਾ ਪਰਿਵਾਰ ਮੁੱਖ ਮੰਤਰੀ ਨੂੰ ਮਿਲਿਆ
ਫਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਤੂਤ ਦੇ ਨਾਮਵਰ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੀ ਮੌਤ ਤੋਂ ਬਾਅਦ ਉਸ ਦਾ ਪਰਿਵਾਰ ਅੱਜ ਚੰਡੀਗੜ੍ਹ ਵਿੱਚ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਿਆ। ਮੁੱਖ ਮੰਤਰੀ ਨੇ ਕਬੱਡੀ ਖਿਡਾਰੀ ਦੇ ਪਰਿਵਾਰ ਨਾਲ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ। ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਗੁਰਜੀਤ ਸਿੰਘ ਦੀ ਧੀ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ ਅਤੇ ਗੁਰਜੀਤ ਸਿੰਘ ਦੀ ਪਤਨੀ ਨੂੰ ਸਰਕਾਰੀ ਨੌਕਰੀ ਤੋਂ ਇਲਾਵਾ ਪਿੰਡ ਵਿੱਚ ਖਿਡਾਰੀ ਦੇ ਨਾਮ ’ਤੇ ਖੇਡ ਸਟੇਡੀਅਮ ਵੀ ਉਸਾਰਿਆ ਜਾਵੇਗਾ। ਕੈਪਸ਼ਨ: ਚੰਡੀਗੜ੍ਹ ਵਿੱਚ ਮੁੱਖ ਮੰਤਰੀ ਨੂੰ ਮਿਲਣ ਮੌਕੇ ਗੁਰਜੀਤ ਸਿੰਘ ਤੂਤ ਦਾ ਪਰਿਵਾਰ ਅਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ।

