ਜ਼ਮੀਨਦੋਜ਼ ਪਾਣੀ ਦੀ ਪੁਨਰ ਸੁਰਜੀਤੀ ਲਈ ਸਰਕਾਰ ਪੈਕੇਜ ਦੇਵੇ: ਸਾਹਨੀ
ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕੇਂਦਰ ਸਰਕਾਰ ਨੂੰ ਤੁਰੰਤ ਪੰਜਾਬ ਲਈ ਵਿਸ਼ੇਸ਼ ਭੂਮੀਗਤ ਪੁਨਰ ਸੁਰਜੀਤੀ ਅਤੇ ਫਸਲ-ਵਿਭਿੰਨਤਾ ਪੈਕੇਜ ਦਾ ਐਲਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬ ਵਿੱਚ ਪਾਣੀ ਦਾ ਪੱਧਰ ਡਿੱਗ ਜਾਣ ’ਤੇ ਚਿੰਤਾ ਪ੍ਰਗਟ ਕੀਤੀ ਹੈ। ਰਾਜ...
ਸੰਸਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕੇਂਦਰ ਸਰਕਾਰ ਨੂੰ ਤੁਰੰਤ ਪੰਜਾਬ ਲਈ ਵਿਸ਼ੇਸ਼ ਭੂਮੀਗਤ ਪੁਨਰ ਸੁਰਜੀਤੀ ਅਤੇ ਫਸਲ-ਵਿਭਿੰਨਤਾ ਪੈਕੇਜ ਦਾ ਐਲਾਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬ ਵਿੱਚ ਪਾਣੀ ਦਾ ਪੱਧਰ ਡਿੱਗ ਜਾਣ ’ਤੇ ਚਿੰਤਾ ਪ੍ਰਗਟ ਕੀਤੀ ਹੈ।
ਰਾਜ ਸਭਾ ਵਿੱਚ ਉਨ੍ਹਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਦੱਸਿਆ ਗਿਆ ਹੈ ਕਿ ਕੇਂਦਰੀ ਭੂਮੀਗਤ ਪਾਣੀ ਬੋਰਡ ਦੇ ਅੰਕੜਿਆਂ ਅਨੁਸਾਰ ਲਗਪਗ 57 ਫੀਸਦ ਨਿਗਰਾਨੀ ਕੀਤੇ ਗਏ ਖੂਹਾਂ ਦੇ ਪਾਣੀ ਵਿੱਚ ਮਾਮੂਲੀ ਵਾਧਾ ਹੋਇਆ ਹੈ ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਪੰਜਾਬ ਵਿੱਚ 42 ਫੀਸਦ ਤੋਂ ਵੱਧ ਖੂਹਾਂ ਵਿੱਚ ਪਾਣੀ ਦੇ ਪੱਧਰ ’ਚ ਗਿਰਾਵਟ ਦਰਜ ਕੀਤੀ ਗਈ ਹੈ। ਡਾ. ਸਾਹਨੀ ਨੇ ਕਿਹਾ ਕਿ ਇਹ ਧਿਆਨ ਦੇਣ ਯੋਗ ਹੈ ਕਿ ਇਨ੍ਹਾਂ ਖੂਹਾਂ ਦਾ ਸਰਵੇਖਣ 2025 ਦੇ ਮੌਨਸੂਨ ਤੋਂ ਬਾਅਦ ਕੀਤਾ ਗਿਆ ਸੀ, ਜਦੋਂ ਪੰਜਾਬ ਨੇ ਸਭ ਤੋਂ ਵੱਡੇ ਹੜ੍ਹ ਦੇਖੇ ਸਨ। ਫਿਰ ਵੀ ਇਹ ਚਿੰਤਾ ਦਾ ਮਸਲਾ ਹੈ ਕਿ ਸੂਬੇ ਵਿੱਚ 9 ਫੀਸਦੀ ਖੂਹਾਂ ਵਿੱਚ ਭੂਮੀਗਤ ਪਾਣੀ 40 ਮੀਟਰ ਤੋਂ ਵੱਧ ਡੂੰਘਾ ਹੈ। ਖਾਸ ਕਰ ਕੇ ਖੇਤੀਬਾੜੀ ਦੇ ਤੌਰ ’ਤੇ ਮਹੱਤਵਪੂਰਨ ਜ਼ਿਲ੍ਹਿਆਂ ਸੰਗਰੂਰ (100 ਫ਼ੀਸਦ), ਬਰਨਾਲਾ (67 ਫ਼ੀਸਦ), ਪਟਿਆਲਾ (44 ਫ਼ੀਸਦ), ਮੋਗਾ ਅਤੇ ਮਾਲੇਰਕੋਟਲਾ ਵਿੱਚ ਪਾਣੀ ਦਾ ਪੱਧਰ ਬਹੁਤ ਨੀਵਾਂ ਹੈ। ਸ਼ਹਿਰੀ ਜ਼ਿਲ੍ਹਿਆਂ ਲੁਧਿਆਣਾ, ਜਲੰਧਰ ਅਤੇ ਬਠਿੰਡਾ ਵਿੱਚ ਵੀ ਜ਼ਿਆਦਾਤਰ ਖੂਹ ਹੁਣ 10 ਤੋਂ 40 ਮੀਟਰ ਡੂੰਘਾਈ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਡਾ. ਸਾਹਨੀ ਨੇ ਕਿਹਾ ਕਿ ਪਾਣੀ ਦੇ ਡਿੱਗਦੇ ਪੱਧਰ ਦੌਰਾਨ ਸੂਬਾ ਸਰਕਾਰ ਵੱਲੋਂ ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਪੰਜਾਬ ਨੂੰ ਕਦੇ ਵੀ ਅਟਲ ਭੂ-ਜਲ ਯੋਜਨਾ ਦੇ ਅਧੀਨ ਸ਼ਾਮਲ ਨਹੀਂ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਅਣਗਹਿਲੀ ਸੂਬੇ ਨੂੰ ਵੱਡੇ ਸੰਕਟ ਵੱਲ ਧੱਕ ਸਕਦੀ ਹੈ।

