ਸਿੱਖ ਸਿਧਾਂਤਾਂ ਦੀ ਉਲੰਘਣਾ ਕਰ ਰਹੀ ਹੈ ਸਰਕਾਰ: ਧਾਮੀ
ਮਨਮੋਹਨ ਸਿੰਘ ਢਿੱਲੋਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਥਾਪਤ ਕੀਤੀ ਭਾਈ ਜੈਤਾ ਜੀ ਦੀ ਯਾਦਗਾਰ ਵਿੱਚ ਲਗਾਈ ਤਸਵੀਰ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਯਾਦਗਾਰ ’ਚ ਲਗਾਈ ਤਸਵੀਰ ਵਿੱਚ ਗੁਰੂ ਗੋਬਿੰਦ ਸਿੰਘ ਵੱਲੋਂ ਭਾਈ ਜੈਤਾ ਨੂੰ ਅੰਮ੍ਰਿਤ ਛਕਾਉਂਦੇ ਸਮੇਂ ਪੈਰਾਂ ਵਿੱਚ ਜੋੜਾ (ਜੁੱਤਾ) ਦਿਖਾਉਣਾ ਸਿੱਖ ਸਿਧਾਂਤਾਂ, ਮਰਯਾਦਾ ਅਤੇ ਭਾਵਨਾਵਾਂ ਨਾਲ ਖਿਲਵਾੜ ਹੈ। ਸਿੱਖੀ ਅਨੁਸਾਰ ਅੰਮ੍ਰਿਤ ਸੰਚਾਰ ਪਵਿੱਤਰ ਪ੍ਰਕਿਰਿਆ ਹੈ। ਇਸ ਵਿੱਚ ਆਦਰ ਤੇ ਸਤਿਕਾਰ ਦਾ ਹੋਣਾ ਲਾਜ਼ਮੀ ਹੈ ਪਰ ਸਰਕਾਰ ਨੇ ਤਸਵੀਰ ਰਾਹੀਂ ਸਿਧਾਂਤਕ ਉਲੰਘਣਾ ਕੀਤੀ ਹੈ। ਸਰਕਾਰ ਦੀ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪਹਿਲਾਂ ਵੀ ਸਰਕਾਰ ਨੇ ਸ੍ਰੀਨਗਰ ਵਿੱਚ ਕੀਤੇ ਧਾਰਮਿਕ ਸਮਾਗਮ ਦੌਰਾਨ ਮਰਯਾਦਾ ਦੀ ਉਲੰਘਣਾ ਕੀਤੀ ਸੀ। ਦੁੱਖ ਦੀ ਗੱਲ ਹੈ ਕਿ ਸਰਕਾਰ ਧਾਰਮਿਕ ਤੇ ਇਤਿਹਾਸਕ ਮਾਮਲਿਆਂ ਦੀ ਸਮਝ ਨਾ ਰੱਖਣ ਵਾਲੇ ਅਧਿਕਾਰੀਆਂ ਤੋਂ ਕੰਮ ਲੈ ਰਹੀ ਹੈ। ਸ਼੍ਰੋਮਣੀ ਕਮੇਟੀ ਸ਼ੁਰੂ ਤੋਂ ਹੀ ਇਹ ਆਖ ਰਹੀ ਹੈ ਕਿ ਸਰਕਾਰ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਨਾਲ ਜੁੜੇ ਵਿਕਾਸ ਕਾਰਜਾਂ ’ਤੇ ਧਿਆਨ ਦੇਵੇ। ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਸਹਿਯੋਗ ਕਰੇ ਪਰ ਸਰਕਾਰ ਦਾ ਧਿਆਨ ਸਿਰਫ਼ ਸਿਆਸਤ ’ਤੇ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਇਸ ਤਸਵੀਰ ਨੂੰ ਮੈਮੋਰੀਅਲ ਤੋਂ ਹਟਾਏ ਤੇ ਮੁਆਫ਼ੀ ਮੰਗੇ, ਅਜਿਹਾ ਨਾ ਕਰਨ ’ਤੇ ਸ਼੍ਰੋਮਣੀ ਕਮੇਟੀ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ।
