ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਅਦਬੀ ਕਾਨੂੰਨ ਸਬੰਧੀ ਸੋਧ ਲਈ ਸਰਕਾਰ ਨੂੰ ਦੋ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਇਸ ਸਬੰਧੀ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਦੋ ਸੇਵਾਮੁਕਤ ਜੱਜ ਅਤੇ ਹੋਰ ਵਿਦਵਾਨ ਸ਼ਾਮਲ ਹਨ, ਜੋ ਸਰਕਾਰ ਨੂੰ ਇਸ ਵਿੱਚ ਸੋਧ ਲਈ ਸੁਝਾਅ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਪਾਬੰਦ ਸਮੇਂ ਵਿੱਚ ਬੇਅਦਬੀ ਕਾਨੂੰਨ ’ਚ ਸੋਧ ਨਾ ਕੀਤੀ ਤਾਂ ਫਿਰ ਪੰਥ ਦੋਖੀਆਂ ਨੂੰ ਅਕਾਲ ਤਖ਼ਤ ਤੋਂ ਭੱਜਣ ਨਹੀਂ ਦੇਵਾਂਗੇ।
ਨੇਪਾਲ ਵਿੱਚ ਆਏ ਹੜ੍ਹ ਦੌਰਾਨ ਸੈਂਕੜੇ ਲੋਕਾਂ ਦੀ ਮੌਤ ’ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਕੌਮ ਕਦੇ ਅਹਿਸਾਨ ਨਹੀਂ ਭੁੱਲਦੀ। ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ਵਿੱਚ ਜਦੋਂ ਅੰਗਰੇਜ਼ਾਂ ਨੇ ਸਿੱਖ ਰਾਜ ਦੱਬਿਆ ਤਾਂ ਉਸ ਸਮੇਂ ਮਹਾਰਾਣੀ ਜਿੰਦ ਕੌਰ ਨੇਪਾਲ ਗਈ ਤਾਂ ਉਸ ਦੇਸ਼ ਨੇ ਉਨ੍ਹਾਂ ਦੀ ਮਦਦ ਕੀਤੀ, ਇਸ ਲਈ ਅੱਜ ਸ਼੍ਰੋਮਣੀ ਕਮੇਟੀ ਦਾ ਵਫ਼ਦ ਅਤੇ ਪੂਰੀ ਸਿੱਖ ਕੌਮ ਇਸ ਮੁਸੀਬਤ ਦੀ ਘੜੀ ਵਿਚ ਨੇਪਾਲ ਨਾਲ ਖੜ੍ਹੀ ਹੈ ਅਤੇ ਅਕਾਲ ਤਖ਼ਤ ਵੱਲੋਂ ਨਿਰਦੇਸ਼ ਹਨ ਕਿ ਸ਼੍ਰੋਮਣੀ ਕਮੇਟੀ ਵੱਧ ਤੋਂ ਵੱਧ ਪੀੜਤਾਂ ਦੀ ਮਦਦ ਕਰੇ।

