ਸਰਕਾਰ ਨੇ ਮੇਲਿਆਂ ਲਈ ਬਜਟ 70 ਕਰੋੜ ਕੀਤਾ: ਸੌਂਦ
ਮੁਹਾਲੀ ਕਾਰਨੀਵਾਲ: ਪੰਜਾਬ ਸਖੀ ਸ਼ਕਤੀ ਮੇਲੇ ਦੀ ਰਸਮੀ ਸ਼ੁਰੂਆਤ, 10 ਤੱਕ ਰਹੇਗਾ ਜਾਰੀ
ਕਰਮਜੀਤ ਸਿੰਘ ਚਿੱਲਾ
ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਅੱਜ ਇਥੇ ਸਰਸ ਮੇਲਾ ਗਰਾਊਂਡ ਸੈਕਟਰ-88 ਵਿੱਚ ਮੁਹਾਲੀ ਕਾਰਨੀਵਲ: ਪੰਜਾਬ ਸਖੀ ਸ਼ਕਤੀ ਮੇਲੇ ਦੀ ਰਸਮੀ ਸ਼ੁਰੂਆਤ ਕੀਤੀ। ਇਸ ਮੌਕੇ ਸ੍ਰੀ ਸੌਂਦ ਨੇ ਕਿਹਾ ਕਿ ਪੰਜਾਬ ਸਖੀ ਸ਼ਕਤੀ ਮੇਲਾ ਪਿੰਡ ਪੱਧਰੀ ਮਹਿਲਾ ਸਵੈ-ਸਹਾਇਤਾ ਸਮੂਹਾਂ ਅਤੇ ਮਹਿਲਾ ਉੱਦਮੀਆਂ ਨੂੰ ਸਰਕਾਰੀ ਪੱਧਰ ’ਤੇ ਮਜ਼ਬੂਤ ਮਾਰਕੀਟਿੰਗ ਪਲੇਟਫਾਰਮ ਮੁਹੱਈਆ ਕਰਵਾਉਣ ਲਈ ਕੀਤਾ ਗਿਆ ਹੈ। ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਦੀ ਅਮੀਰ ਵਿਰਾਸਤ ਤੇ ਸੱਭਿਆਚਾਰ ਅਤੇ ਪਿੰਡ ਪੱਧਰੀ ਉੱਦਮਤਾ ਨੂੰ ਉਭਾਰਨ ’ਤੇ ਘੱਟ ਧਿਆਨ ਦਿੱਤਾ ਗਿਆ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੇਲਿਆਂ ਲਈ ਬਜਟ 5 ਕਰੋੜ ਤੋਂ ਵਧਾ ਕੇ 70 ਕਰੋੜ ਰੁਪਏ ਕੀਤਾ ਗਿਆ ਹੈ।
ਸ੍ਰੀ ਸਿਸੋਦੀਆ ਨੇ ਕਿਹਾ ਕਿ ਸਟਾਲਾਂ ਦਾ ਦੌਰਾ ਕਰਦਿਆਂ ਉਨ੍ਹਾਂ ਨੂੰ ਪੰਜਾਬ ਦੀਆਂ ਮਹਿਲਾ ਉੱਦਮੀਆਂ ਦੀ ਮਜ਼ਬੂਤ ਇੱਛਾ-ਸ਼ਕਤੀ ਅਤੇ ਦ੍ਰਿੜ ਨਿਸ਼ਚੇ ਦੀ ਝਲਕ ਮਿਲੀ, ਜੋ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਆਪਣੀਆਂ ਕਾਮਯਾਬੀ ਭਰਪੂਰ ਕਹਾਣੀਆਂ ਲਿਖ ਰਹੀਆਂ ਹਨ। ਇਸ ਮੌਕੇ 35 ਹਜ਼ਾਰ ਦਾ ਸਰਵੋਤਮ ਪੰਜਾਬ ਮਹਿਲਾ ਸੈਲਫ ਹੈਲਪ ਗਰੁੱਪ ਇਨਾਮ ਰਿੰਪੀ ਕੌਰ ਨੂੰ, 25 ਹਜ਼ਾਰ ਦਾ ਮਹਿਲਾ ਉੱਦਮੀ ਸ਼ਕਤੀ ਇਨਾਮ ਬੰਦਨਾ ਭਾਰਦਵਾਜ ਨੂੰ, ਦਸ ਹਜ਼ਾਰ ਦਾ ਸ਼ਸਕਤ ਉੱਦਮੀ ਇਨਾਮ ਸ੍ਰੀਮਤੀ ਡਿੰਪਲ, ਕਮਾਨੀ ਦੇਵੀ ਤੇ ਅਵਨੀਤ ਕੌਰ ਨੂੰ ਦਿੱਤੇ ਗਏ। ਸ੍ਰੀ ਸੁਖਮਨੀ ਸਕੂਲ ਡੇਰਾਬੱਸੀ, ਸਰਕਾਰੀ ਹਾਈ ਸਕੂਲ ਦਾਊਂ, ਸਕੂਲ ਆਫ ਐਮੀਨੈਂਸ ਫੇਜ਼-3ਬੀ-1 ਅਤੇ ਸ਼ਿਵਾਲਿਕ ਪਬਲਿਕ ਸਕੂਲ ਮੁਹਾਲੀ ਦੇ ਵਿਦਿਆਰਥੀਆਂ ਵੱਲੋਂ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਮੋਗਾ, ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ, ਸੀਮਾ ਬਾਂਸਲ, ਡਾ. ਸ਼ੇਨਾ ਅਗਰਵਾਲ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ, ਏ ਡੀ ਸੀ ਸੋਨਮ ਚੌਧਰੀ, ਗੁਰਮੀਤ ਸਿੰਘ ਸੋਹੀ, ਡੀ ਡੀ ਪੀ ਓ ਪਰਮਬੀਰ ਕੌਰ, ਡੀ ਈ ਓ ਗਿੰਨੀ ਦੁੱਗਲ ਅਤੇ ਰੁਪਾਲੀ ਟੰਡਨ ਹਾਜ਼ਰ ਸਨ।
ਤਿੰਨ ਦਿਨਾਂ ਬਾਅਦ ਕੀਤਾ ਰਸਮੀ ਉਦਘਾਟਨ
ਮੁਹਾਲੀ ਕਾਰਨੀਵਲ ਪਹਿਲੀ ਫਰਵਰੀ ਤੋਂ ਆਰੰਭ ਹੈ। ਕੰਵਰ ਗਰੇਵਾਲ ਸਮੇਤ ਕਈਂ ਗਾਇਕ ਮੇਲੇ ਵਿਚ ਆਪਣਾ ਪ੍ਰਦਰਸ਼ਨ ਵੀ ਕਰ ਚੁੱਕੇ ਹਨ। ਮੇਲੇ ਦੇ ਆਰੰਭ ਹੋਣ ਤੋਂ ਤਿੰਨ ਦਿਨ ਬਾਅਦ ਕੈਬਨਿਟ ਮੰਤਰੀ ਸ੍ਰੀ ਸੌਂਦ ਅਤੇ ਮਨੀਸ਼ ਸਿਸੋਦੀਆ ਵੱਲੋਂ ਇਸ ਦਾ ਰਸਮੀ ਉਦਘਾਟਨ ਕਰਨਾ ਚਰਚਾ ਦਾ ਵਿਸ਼ਾ ਹੈ।

