ਹਰਿਆਣਾ ਵਿੱਚ ਸਰਕਾਰੀ ਡਾਕਟਰਾਂ ਦੀ ਹੜਤਾਲ
ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਸਮੇਤ ਸਾਰੇ ਹਰਿਆਣਾ ਦੇ ਸਰਕਾਰੀ ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹੜਤਾਲ ਕਾਰਨ ਪ੍ਰਸ਼ਾਸਨ ਨੇ ਹਸਪਤਾਲ ਵਿੱਚ ਪੁਲੀਸ ਬਲ ਤਾਇਨਾਤ ਕੀਤਾ ਹੋਇਆ ਸੀ। ਹਰਿਆਣਾ ਸਿਵਲ ਮੈਡੀਕਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਰਾਜੇਸ਼ ਖਿਆਲੀਆ ਅਨੁਸਾਰ ਹਰਿਆਣਾ ਦੇ ਸਕੱਤਰੇਤ ਵਿੱਚ ਉੱਚ ਅਧਿਕਾਰੀਆਂ ਨਾਲ ਉਨ੍ਹਾਂ ਦੀ ਮੀਟਿੰਗ ਬੇਸਿੱਟਾ ਰਹੀ। ਹੜਤਾਲ ਦੇ ਮੱਦੇਨਜ਼ਰ ਅੱਜ ਡਾਕਟਰਾਂ ਨੇ ਓਪੀਡੀ ਸੇਵਾਵਾਂ, ਐਮਰਜੰਸੀ ਸੇਵਾਵਾਂ ਨਹੀਂ ਦਿੱਤੀਆਂ। ਇਸ ਦੇ ਨਾਲ ਅਪਰੇਸ਼ਨ ਅਤੇ ਪੋਸਟਮਾਰਟਮ ਨਹੀਂ ਕੀਤੇ। ਹੜਤਾਲ ਨੂੰ ਦੇਖਦਿਆਂ ਅੱਜ ਇਥੇ ਮੁਲਾਣਾ ਮੈਡੀਕਲ ਕਾਲਜ ਤੋਂ ਕੁਝ ਸਟਾਫ ਬੁਲਾਇਆ ਹੈ, ਜਿਸ ਕਾਰਨ ਦੋ ਡਾਕਟਰਾਂ ਨੇ ਪੂਰੀ ਓਪੀਡੀ ਚਲਾਈ ਹੈ। ਡਾਕਟਰ ਐੱਸ ਐੱਮ ਓ ਦੀ ਸਿੱਧੀ ਭਰਤੀ ਨਾ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਇਸ ਅਹੁਦੇ ਨੂੰ ਤਰੱਕੀ ਰਹੀਂ ਭਰਿਆ ਜਾਵੇ। ਮੈਡੀਕਲ ਪ੍ਰਸ਼ਾਸਨ ਵੱਲੋਂ ਇਸ ਹੜਤਾਲ ਦੇ ਮੱਦੇਨਜਰ ਪਹਿਲਾਂ ਹੀ ਸਟਾਫ ਨਰਸ ਅਤੇ ਪੈਰਾਮੈਡੀਕਲ ਸਟਾਫ ਦੀ ਛੁੱਟੀਆਂ ਰੱਦ ਕਰ ਦਿੱਤੀ ਗਈਆਂ ਸਨ। ਹੜਤਾਲ ’ਤੇ ਬੈਠੇ ਡਾਕਟਰਾਂ ਅਨੁਸਾਰ ਮੰਗਲਵਾਰ ਨੂੰ ਦੁੂਜੇ ਦਿਨ ਵੀ ਡਾਕਟਰਾਂ ਦੀ ਹੜਤਾਲ ਹੋ ਸਕਦੀ ਹੈ। ਇੱਥੇ ਇਹ ਵਰਨਣਯੋਗ ਹੈ ਕਿ ਪੰਚਕੂਲਾ ਸਰਕਾਰੀ ਜਨਰਲ ਹਸਪਤਾਲ ਵਿੱਚ ਰੋਜ਼ਾਨਾ ਹਜ਼ਾਰ ਮਰੀਜ਼ਾਂ ਦੀ ਓਪੀਡੀ ਰਹਿੰਦੀ ਹੈ ਕਿਉਂਕਿ ਮਰੀਜ਼ ਪੰਚਕੂਲਾ ਤੋਂ ਹੀ ਨਹੀਂ, ਸਗੋਂ ਨਾਲ ਲੱਗਦੇ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਤੋਂ ਵੀ ਇਸ ਹਸਪਤਾਲ ਵਿੱਚ ਇਲਾਜ ਲਈ ਆਉਂਦੇ ਹਨ।
