ਸਰਕਾਰ ਸੂਬੇ ਦੀ ਭਲਾਈ ਲਈ ਵਚਨਬੱਧ: ਮਾਨ
ਮੁੱਖ ਮੰਤਰੀ ਨੇ ਬਠਿੰਡਾ ਦਾ ਮੁਲਤਾਨੀਆ ਰੇਲਵੇ ਓਵਰਬ੍ਰਿਜ ਲੋਕਾਂ ਨੂੰ ਸਮਰਪਿਤ ਕੀਤਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਬਠਿੰਡਾ ਵਾਸੀਆਂ ਨੂੰ ਵੱਡੇ ਬੁਨਿਆਦੀ ਢਾਂਚੇ ਦਾ ਤੋਹਫ਼ਾ ਦਿੱਤਾ ਗਿਆ। ਇਸ ਸੌਗਾਤ ਤਹਿਤ ਮੁਲਤਾਨੀਆ ਰੇਲਵੇ ਓਵਰਬ੍ਰਿਜ ਦੇ ਪੁਨਰ ਨਿਰਮਾਣ ਮਗਰੋਂ ਇਸ ਨੂੰ ਮੁੱਖ ਮੰਤਰੀ ਨੇ ਲੋਕ ਅਰਪਣ ਕੀਤਾ। ਇਸੇ ਤਰ੍ਹਾਂ ਜਨਤਾ ਨਗਰ ’ਚ ਨਵੇਂ ਰੇਲਵੇ ਓਵਰਬ੍ਰਿਜ ਦੀ ਉਸਾਰੀ ਨੂੰ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ਪ੍ਰਾਜੈਕਟਾਂ ’ਤੇ 90 ਕਰੋੜ ਰੁਪਏ ਦੀ ਲਾਗਤ ਦਾ ਅਨੁਮਾਨ ਹੈ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ,‘ਸਾਡੀ ਸਰਕਾਰ ਸੂਬੇ ਦੀ ਭਲਾਈ ਲਈ ਵਚਨਬੱਧ ਹੈ ਅਤੇ ਸਾਰੇ ਫੈਸਲੇ ਲੋਕਾਂ ਤੇ ਹੋਰ ਭਾਈਵਾਲਾਂ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਲਏ ਜਾ ਰਹੇ ਹਨ।’ ਨਵੇਂ ਪੁਲ ਨੂੰ ਲੋਕ ਅਰਪਣ ਕਰਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਬਠਿੰਡਾ ਮਹੱਤਵਪੂਰਨ ਰੇਲਵੇ ਜੰਕਸ਼ਨ ਹੋਣ ਕਰਕੇ ਲੋਕਾਂ ਨੂੰ ਰੇਲਵੇ ਲਾਈਨਾਂ ਦੀਆਂ ਕ੍ਰਾਸਿੰਗ ’ਤੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੁਲਤਾਨੀਆ ਪੁਲ ਅੰਬਾਲਾ, ਦਿੱਲੀ, ਸਿਰਸਾ ਅਤੇ ਬੀਕਾਨੇਰ ਰੇਲਵੇ ਲਾਈਨਾਂ ਉੱਤੇ ਬਣਿਆ ਹੋਣ ਕਰਕੇ ਲੋਕਾਂ ਲਈ ਵੱਡੀ ਰਾਹਤ ਦਾ ਸਬੱਬ ਬਣੇਗਾ। ਉਨ੍ਹਾਂ ਕਿਹਾ ਕਿ ਇਹ ਪੁਲ ਲਗਭਗ 35 ਸਾਲ ਪੁਰਾਣਾ ਸੀ ਅਤੇ ਸ਼ਹਿਰ ਦੀ ਆਵਾਜਾਈ ਦੀਆਂ ਲੋੜਾਂ ਲਈ ਨਾਕਾਫ਼ੀ ਸੀ। ਉਨ੍ਹਾਂ ਕਿਹਾ ਕਿ ਸਿਰਫ 23 ਫੁੱਟ ਦੇ ਤੰਗ ਰਸਤੇ ਅਤੇ ਸਰਵਿਸ ਰੋਡ ਦੀ ਘੱਟ ਚੌੜਾਈ ਕਾਰਨ ਪੁਰਾਣਾ ਪੁਲ ਵਧੀ ਹੋਈ ਆਵਾਜਾਈ ਲਈ ਢੁਕਵਾਂ ਨਹੀਂ ਸੀ। ਉਨ੍ਹਾਂ ਕਿਹਾ ਲੰਮੇ ਸਮੇਂ ਤੋਂ ਸ਼ਹਿਰ ਦੇ ਵਸਨੀਕ ਇਸ ਰੇਲਵੇ ਓਵਰਬ੍ਰਿਜ ਦੇ ਮੁੜ ਨਿਰਮਾਣ ਦੀ ਮੰਗ ਕਰ ਰਹੇ ਸਨ। ਇਨ੍ਹਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਵੱਲੋਂ ਪੁਰਾਣੇ ਪੁਲ ਨੂੰ ਢਾਹ ਕੇ ਆਧੁਨਿਕ ਤਕਨੀਕ ਵਾਲਾ ਨਵਾਂ ਪੁਲ ਬਣਾਉਣ ਦਾ ਫ਼ੈਸਲਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਨਵਾਂ ਪੁਲ 38.08 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਦੀ ਕੁੱਲ ਲੰਬਾਈ ਇੱਕ ਕਿਲੋਮੀਟਰ ਤੋਂ ਥੋੜ੍ਹੀ ਜ਼ਿਆਦਾ ਹੈ ਅਤੇ ਚੌੜਾਈ 23 ਫੁੱਟ ਤੋਂ ਵਧਾ ਕੇ 34.5 ਫੁੱਟ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲ ਦੇ ਹੇਠਾਂ ਵਾਲੀ ਜਗ੍ਹਾ ਨੂੰ ਖੇਡ ਮੈਦਾਨ ਵਜੋਂ ਵਿਕਸਤ ਕੀਤਾ ਜਾਵੇਗਾ, ਜਿਸ ਵਿੱਚ ਵਾਕਿੰਗ ਟਰੈਕ, ਬਾਕਸ ਕ੍ਰਿਕਟ, ਸਕੇਟਿੰਗ ਖੇਤਰ, ਬਾਸਕਟਬਾਲ ਕੋਰਟ, ਜਿਮ ਸਪੇਸ ਅਤੇ ਹੋਰ ਸਹੂਲਤਾਂ ਸ਼ਾਮਲ ਹੋਣਗੀਆਂ।
ਇੱਕ ਹੋਰ ਵੱਡੇ ਪ੍ਰਾਜੈਕਟ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਨਤਾ ਨਗਰ ਵਿਖੇ 50.86 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਓਵਰਬ੍ਰਿਜ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਸਤਾਵਿਤ ਪੁਲ ਦੀ ਲੰਬਾਈ 650 ਮੀਟਰ ਹੋਵੇਗੀ ਅਤੇ ਚੌੜਾਈ 31 ਫੁੱਟ ਹੋਵੇਗੀ। ਇਸ ਦੇ ਨਾਲ ਲੱਗਦੀ ਸਰਵਿਸ ਰੋਡ ਨੂੰ ਵੀ 18 ਫੁੱਟ ਤੋਂ ਵਧਾ 33 ਫੁੱਟ ਤੱਕ ਚੌੜਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਟੈਂਡਰ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਉਸਾਰੀ ਦਾ ਕੰਮ ਜਲਦੀ ਸ਼ੁਰੂ ਹੋ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ, ਉੱਥੇ ਹੀ ਵਿਦਿਆਰਥੀਆਂ ਲਈ ਬਿਹਤਰ ਨਤੀਜੇ ਯਕੀਨੀ ਬਣਾਉਣ ਲਈ ਅਧਿਆਪਕਾਂ ਦੇ ਹੁਨਰ ਅਤੇ ਮੁਹਾਰਤ ਨੂੰ ਵੀ ਨਿਖਾਰਿਆ ਜਾ ਰਿਹਾ ਹੈ।

