ਸਰਕਾਰ ਵੱਲੋਂ ਸੀ ਆਈ ਆਈ ਨਾਲ ਮਿਲ ਕੇ ਕੰਮ ਕਰਨ ਦੀ ਵਕਾਲਤ
ਸਨਅਤੀ ਵਿਕਾਸ ਅਤੇ ਰਹਿੰਦ-ਖੂੰਹਦ ਦੇ ਪ੍ਰਬੰਧਨ ’ਤੇ ਦਿੱਤਾ ਜ਼ੋਰ; ਲੁਧਿਆਣਾ ਅਤੇ ਜਲੰਧਰ ਵਿੱਚ ਨਵੇਂ ਸਿਖਲਾਈ ਕੇਂਦਰਾਂ ਬਾਰੇ ਚਰਚਾ
ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਫਸਲੀ ਰਹਿੰਦ-ਖੂੰਹਦ ਦੇ ਸਥਾਈ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ, ਬਾਗਬਾਨੀ ਨੂੰ ਮਜ਼ਬੂਤ ਕਰਨ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ ਆਈ ਆਈ) ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਹ ਸੀ ਆਈ ਆਈ ਦੇ ਵਫ਼ਦ ਨਾਲ ਮੀਟਿੰਗ ਕਰ ਰਹੇ ਸਨ।
ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਸਰੋਤਾਂ ਦੀ ਸੁਚੱਜੀ ਵਰਤੋਂ ਕਰਨ ਅਤੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਸਾਫ਼-ਸੁਥਰੀ ਤਕਨਾਲੋਜੀ ’ਤੇ ਜ਼ੋਰ ਦਿੱਤਾ। ਉਨ੍ਹਾਂ ਮਾਲਵਾ ਖੇਤਰ ਦੇ ਸੰਗਰੂਰ ਅਤੇ ਬਰਨਾਲਾ ਵਿੱਚ ਸ਼ੁਰੂ ਕੀਤੀਆਂ ਪਹਿਲਕਦਮੀਆਂ ਦੇ ਨਾਲ-ਨਾਲ ਲੁਧਿਆਣਾ ਵਿੱਚ ਤਜਵੀਜ਼ਤ ਮਲਟੀ-ਸਕਿਲ ਟ੍ਰੇਨਿੰਗ ਇੰਸਟੀਚਿਊਟ ਅਤੇ ਜਲੰਧਰ ਵਿੱਚ ਅਤਿ-ਆਧੁਨਿਕ ਲੈਬਾਰਟਰੀ ਵਾਲਾ ਸੈਂਟਰ ਆਫ ਐਕਸੀਲੈਂਸ ਫਾਰ ਟੈਕਨੀਕਲ ਟੈਕਸਟਾਈਲਜ਼ ਤਿਆਰ ਕਰਨ ਸਮੇਤ ਨਵੀਆਂ ਹੁਨਰ ਨਿਰਮਾਣ ਅਤੇ ਤਕਨਾਲੋਜੀ ਆਧਾਰਤ ਪਹਿਲਕਦਮੀਆਂ ਬਾਰੇ ਵਿਚਾਰ-ਚਰਚਾ ਕੀਤੀ।
ਵਾਤਾਵਰਨ ਪ੍ਰਦੂਸ਼ਣ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਲਈ ਦੋਵਾਂ ਧਿਰਾਂ ਦਾ ਮਿਲ ਕੇ ਕੰਮ ਕਰਨਾ ਜ਼ਰੂਰੀ ਹੈ। ਇਸ ਨਾਲ ਜਿੱਥੇ ਪ੍ਰਦੂਸ਼ਣ ਘਟੇਗਾ, ਉੱਥੇ ਹੀ ਕਿਸਾਨਾਂ ਨੂੰ ਵੀ ਵੱਡਾ ਲਾਭ ਹੋਵੇਗਾ। ਉਨ੍ਹਾਂ ਸੀ ਆਈ ਆਈ ਐਗਰੋ ਟੈਕ ਇੰਡੀਆ 2026 ਦੌਰਾਨ ‘ਵਰਲਡ ਹੌਰਟੀਕਲਚਰ ਸੈਂਟਰ’ ਦੇ ਭਾਰਤ ਦੌਰੇ ਨੂੰ ਸੁਚਾਰੂ ਬਣਾਉਣ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਸੂਬੇ ਦੇ ਉਦਯੋਗਿਕ ਵਿਕਾਸ, ਨਵੇਂ ਨਿਵੇਸ਼ ਅਤੇ ਨੌਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਬਾਰੇ ਵੀ ਵਿਚਾਰ-ਚਰਚਾ ਕੀਤੀ ਗਈ।

