ਪਟਿਆਲਾ ਬੱਸ ਅੱਡੇ ’ਤੇ ਸੋਨੇ ਦੀਆਂ ਚੂੜੀਆਂ ਲਾਹੀਆਂ
ਨੌਸਰਬਾਜ਼ ਔਰਤਾਂ ਦਾ ਟੋਲਾ ਇਥੇ ਬੱਸ ਚੜ੍ਹਨ ਵੇਲੇ ਮਹਿਲਾ ਦੀਆਂ 3.75 ਲੱਖ ਰੁਪਏ ਦੀਆਂ ਸੋਨੇ ਦੀਆਂ ਦੋ ਚੂੜੀਆਂ ਲਾਹ ਕੇ ਲੈ ਗਿਆ। ਪੁਲੀਸ ਨੇ ਅਣਪਛਾਤੀਆਂ ਮਹਿਲਾਵਾਂ ਖ਼ਿਲਾਫ਼ ਕੇਸ ਦਰਜ ਲਿਆ ਹੈ।
ਖਰੜ ਵਾਸੀ ਸੰਗੀਤਾ ਵਰਮਾ, ਜਦੋਂ ਪਟਿਆਲਾ ਦੇ ਨਵੇਂ ਬੱਸ ਅੱੱਡੇ ਤੋਂ ਬੱਸ ਵਿਚ ਚੜ੍ਹਨ ਲੱਗੀ ਤਾਂ ਉਸ ਦੇ ਪਿੱਛੇ ਬੱਸ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰ ਰਹੀਆਂ ਕੁਝ ਔਰਤਾਂ ਉਸ ਤੋਂ ਪਹਿਲਾਂ ਚੜ੍ਹਨ ਦਾ ਦਿਖਾਵਾ ਕਰਦਿਆਂ ਕਾਫ਼ੀ ਧੱਕਾ-ਮੁੱਕੀ ਕਰਨ ਲੱਗੀਆਂ।
ਇਸ ਦੌਰਾਨ ਹੀ ਇਨ੍ਹਾਂ ਵਿਚੋਂ ਇੱਕ ਔਰਤ ਧੱਕੇ ਮਾਰਦੀ ਕਾਹਲੀ ਨਾਲ ਥੱਲੇ ਉਤਰ ਗਈ।
ਇਸ ਮਗਰੋਂ ਜਦੋਂ ਸੰਗੀਤਾਮਾ ਬੱਸ ’ਚ ਸੀਟ ’ਤੇ ਬੈਠੀ ਤਾਂ ਉਸ ਦਾ ਧਿਆਨ ਆਪਣੀ ਬਾਂਹ ਵੱਲ ਗਿਆ ਤਾਂ ਉਸ ਨੇ ਦੇਖਿਆ ਕਿ ਬਾਂਹ ’ਚ ਚੂੜੀਆਂ ਗਾਇਬ ਸਨ।
ਉਸ ਨੇ ਭਾਵੇਂ ਕਾਫ਼ੀ ਰੌਲਾ ਵੀ ਪਾਇਆ ਪਰ ਉਦੋਂ ਤੱਕ ਉਹ ਔਰਤਾਂ ਉਥੋਂ ਖਿਸਕ ਚੁੱਕੀਆਂ ਸਨ।
ਫਿਰ ਉਸ ਨੇ ਥਾਣਾ ਅਰਬਨ ਅਸਟੇਟ ਵਿਖੇ ਜਾ ਕੇ ਸ਼ਿਕਾਇਤ ਦਰਜ ਕਰਵਾਈ ਤਾਂ ਪੁਲੀਸ ਵੱਲੋਂ ਅਣਪਛਾਤੀਆਂ ਔਰਤਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।
ਥਾਣਾ ਅਰਬਨ ਅਸਟੇਟ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਓ ਨੇ ਕਿਹਾ ਕਿ ਸੀ ਸੀ ਟੀ ਵੀ ਕੈਮਰਿਆਂ ਤੇ ਹੋਰ ਸਾਧਨਾਂ ਜ਼ਰੀਏ ਮੁਲਜ਼ਮਾਂ ਦੀ ਸ਼ਨਾਖਤ ਕਰਵਾਈ ਜਾ ਰਹੀ ਹੈ।
