ਪੰਜਾਬ ਵਿੱਚ ਅਗਲੇ ਹਫ਼ਤੇ ਇੰਦਰ ਦੇਵਤਾ ਰਹੇਗਾ ਮਿਹਰਬਾਨ
ਆਤਿਸ਼ ਗੁਪਤਾ
ਚੰਡੀਗੜ੍ਹ, 21 ਜੂਨ
ਪੰਜਾਬ ਵਿੱਚ ਪਿਛਲੇ ਦੋ-ਤਿੰਨ ਦਿਨਾਂ ਤੋਂ ਪੈ ਰਿਹਾ ਟੁੱਟਵਾਂ ਮੀਂਹ ਅਗਲੇ ਹਫ਼ਤੇ ਵੀ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਦੌਰਾਨ ਪੰਜਾਬ ਵਿੱਚ ਕਈ ਥਾਵਾਂ ’ਤੇ ਜ਼ੋਰਦਾਰ ਮੀਂਹ ਪੈ ਸਕਦਾ ਹੈ, ਜਦੋਂਕਿ ਕਈ ਥਾਵਾਂ ’ਤੇ ਹਲਕਾ ਮੀਂਹ ਪਵੇਗਾ। ਅਗਲੇ ਦਿਨਾਂ ਵਿੱਚ ਪੈਣ ਵਾਲੇ ਮੀਂਹ ਦੇ ਨਾਲ ਹੀ ਪੰਜਾਬ ਵਿੱਚ ਮੌਨਸੂਨ ਵੀ ਦਸਤਕ ਦੇਵੇਗਾ।
ਪੰਜਾਬ ’ਚ ਤੜਕੇ ਚੰਡੀਗੜ੍ਹ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ ਤੇ ਹੋਰ ਕਈ ਇਲਾਕਿਆਂ ਵਿੱਚ ਮੀਂਹ ਪਿਆ। ਮੀਂਹ ਪੈਣ ਕਰਕੇ ਤਾਪਮਾਨ ਵਿੱਚ ਵੀ ਤਿੰਨ ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਉੱਧਰ, ਮੌਸਮ ਵਿਗਿਆਨੀਆਂ ਨੇ ਵੀ ਅਗਲਾ ਪੂਰਾ ਹਫ਼ਤਾ ਟੁੱਟਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ 22 ਤੇ 25 ਜੂਨ ਨੂੰ ਔਰੇਂਜ ਅਤੇ 23, 24, 26 ਤੇ 27 ਜੂਨ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਪੰਜਾਬ ਵਿੱਚ ਕਈ ਥਾਵਾਂ ’ਤੇ ਜ਼ੋਰਦਾਰ ਅਤੇ ਕਈ ਥਾਵਾਂ ’ਤੇ ਹਲਕਾ ਤੇ ਟੁੱਟਵਾਂ ਮੀਂਹ ਪੈ ਸਕਦਾ ਹੈ। ਮੀਂਹ ਦੇ ਨਾਲ ਹੀ ਤਾਪਮਾਨ ਵਿੱਚ ਹੋਰ ਵੀ 2 ਤੋਂ 3 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾਵੇਗੀ। ਪੰਜਾਬ ਵਿੱਚ ਅੱਜ ਪਠਾਨਕੋਟ ਸ਼ਹਿਰ ਵਿੱਚ ਦਿਨ ਸਮੇਂ ਕਾਫੀ ਤੇਜ਼ ਮੀਂਹ ਪਿਆ, ਜਿਸ ਕਰਕੇ ਉੱਥੋਂ ਦੇ ਤਾਪਮਾਨ ਵਿੱਚ ਆਮ ਨਾਲੋਂ ਕਾਫੀ ਠੰਢਕ ਮਹਿਸੂਸ ਕੀਤੀ ਗਈ। ਪਠਾਨਕੋਟ ਵਿੱਚ 24 ਘੰਟਿਆਂ ਦੌਰਾਨ 27.5 ਐੱਮਐੱਮ ਮੀਂਹ ਪਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 4.7 ਐੱਮਐੱਮ, ਅੰਮ੍ਰਿਤਸਰ ਵਿੱਚ 3.9, ਗੁਰਦਾਸਪੁਰ ਵਿੱਚ ਇਕ, ਹੁਸ਼ਿਆਰਪੁਰ ਤੇ ਰੋਪੜ ਵਿੱਚ 0.5 ਐੱਮਐੱਮ ਮੀਂਹ ਪਿਆ। ਪੰਜਾਬ ਵਿੱਚ ਮੌਸਮ ਦਾ ਮਿਜ਼ਾਜ ਬਦਲਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਦੂਜੇ ਪਾਸੇ ਕਿਸਾਨਾਂ ਨੇ ਵੀ ਸੂਬੇ ਵਿੱਚ ਝੋਨੇ ਦੀ ਲੁਆਈ ਤੇਜ਼ ਕਰ ਦਿੱਤੀ ਹੈ।
ਬਠਿੰਡਾ ਰਿਹਾ ਸਭ ਤੋਂ ਗਰਮ
ਅੱਜ ਪੰਜਾਬ ਵਿੱਚ ਬਠਿੰਡਾ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 38.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿੱਚ 36.3 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 35.1, ਲੁਧਿਆਣਾ ਵਿੱਚ 34.6, ਪਟਿਆਲਾ ਵਿੱਚ 36.8, ਪਠਾਨਕੋਟ ਵਿੱਚ 30.3, ਗੁਰਦਾਸਪੁਰ ਵਿੱਚ 35, ਨਵਾਂਸ਼ਹਿਰ ਵਿੱਚ 33.9, ਫ਼ਤਹਿਗੜ੍ਹ ਸਾਹਿਬ ਵਿੱਚ 35.8, ਫਿਰੋਜ਼ਪੁਰ ਵਿੱਚ 36, ਜਲੰਧਰ ਵਿੱਚ 34.7, ਮੋਗਾ ਵਿੱਚ 35.2, ਮੁਹਾਲੀ ਵਿੱਚ 35.9, ਰੋਪੜ ਵਿੱਚ 34.4 ਅਤੇ ਸੰਗਰੂਰ ਵਿੱਚ 37.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।