ਓਮਾਨ ਦੀਆਂ ਸੜਕਾਂ ’ਤੇ ਭਟਕਦੀ ਰਹੀ ਚਾਰ ਲੱਖ ’ਚ ਵੇਚੀ ਲੜਕੀ
ਜਸਬੀਰ ਸਿੰਘ ਚਾਨਾ
ਕਪੂਰਥਲਾ, 22 ਜੂਨ
ਜਲੰਧਰ ਜ਼ਿਲ੍ਹੇ ਦੀ ਲੜਕੀ, ਜੋ ਆਪਣੇ ਪਰਿਵਾਰ ਦੀਆਂ ਆਰਥਿਕ ਮਜਬੂਰੀਆਂ ਕਾਰਨ ਨੌਕਰੀ ਖਾਤਰ ਓਮਾਨ ਗਈ ਸੀ, ਉਥੇ ਮਨੁੱਖੀ ਤਸਕਰੀ ਦਾ ਸ਼ਿਕਾਰ ਹੋ ਗਈ। ਉਸ ਦੀ ਭਾਬੀ ਨੇ ਏਜੰਟ ਨਾਲ ਮਿਲ ਕੇ ਉਸ ਨੂੰ ਚਾਰ ਲੱਖ ਰੁਪਏ ਵਿੱਚ ਵੇਚ ਦਿੱਤਾ ਸੀ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਕੀਤੇ ਉਪਰਾਲਿਆਂ ਸਦਕਾ ਲੜਕੀ ਦੀ ਵਾਪਸੀ ਹੋਈ ਹੈ। ਪੀੜਤਾ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਓਮਾਨ ਵਿੱਚ ਉਸ ਨੂੰ ਲੰਬੇ ਸਮੇਂ ਤੱਕ ਦਿਨ-ਰਾਤ ਕੰਮ ਕਰਨ ਲਈ ਮਜਬੂਰ ਕੀਤਾ ਗਿਆ, ਪਰ ਨਾ ਹੀ ਤਨਖਾਹ ਦਿੱਤੀ ਗਈ ਤੇ ਨਾ ਹੀ ਪੂਰਾ ਖਾਣਾ। ਉਸ ਨੇ ਦੱਸਿਆ ਕਿ ਤਸ਼ੱਦਦ ਵਿਰੋਧ ’ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ ਤੇ ਮਰਜ਼ੀ ਦੇ ਖਿਲਾਫ਼ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਉਸ ਨੇ ਦੱਸਿਆ ਕਿ ਉਸ ਦੀ ਭਾਬੀ ਨੇ ਏਜੰਟ ਨਾਲ ਮਿਲ ਕੇ ਉਸ ਨੂੰ ਚਾਰ ਲੱਖ ਰੁਪਏ ਵਿੱਚ ਵੇਚ ਦਿੱਤਾ।
ਉਸ ਨੇ ਦੱਸਿਆ ਕਿ ਉਥੋਂ ਨਿਕਲ ਕੇ ਉਸ ਨੂੰ ਦੋ ਮਹੀਨੇ ਤੱਕ ਓਮਾਨ ਦੀਆਂ ਸੜਕਾਂ ’ਤੇੇ ਭਟਕਣਾ ਪਿਆ। ਉਸ ਨੇ ਦੱਸਿਆ ਕਿ ਓਮਾਨ ’ਚ ਉਸ ਵਾਂਗ ਹੀ ਯੂਪੀ, ਬਿਹਾਰ ਤੇ ਪੰਜਾਬ ਦੀਆਂ ਲਗਪਗ 20 ਹੋਰ ਲੜਕੀਆਂ ਵੀ ਇੱਕ ਪਾਰਕ ’ਚ ਨਰਕ ਵਰਗੀ ਜ਼ਿੰਦਗੀ ਜੀਅ ਰਹੀਆਂ ਹਨ। ਉਸ ਨੇ ਦੱਸਿਆ ਕਿ ਪਰਿਵਾਰ ਨਾਲ ਸੰਪਰਕ ਕਰਨ ’ਤੇ ਉਸ ਦੇ ਪਤੀ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਾਰੀ ਜਾਣਕਾਰੀ ਦਿੱਤੀ ਗਈ। ਉਸ ਨੇ ਦੱਸਿਆ ਕਿ ਸੰਤ ਸੀਚੇਵਾਲ ਦੀ ਮਦਦ ਸਦਕਾ 10 ਦਿਨਾਂ ਵਿੱਚ ਉਸ ਦੀ ਸੁਰੱਖਿਅਤ ਵਾਪਸੀ ਸੰਭਵ ਹੋਈ।
ਚੋਰੀ ਦੇ ਝੂਠੇ ਦੋਸ਼ ਬਣੇ ਇਨਸਾਫ਼ ਵਿੱਚ ਰੁਕਾਵਟ
ਪੀੜਤਾ ਨੇ ਦੱਸਿਆ ਕਿ ਘਰੋਂ ਨਿਕਲਣ ਤੋਂ ਬਾਅਦ ਪਰਿਵਾਰ ਨੇ ਉਸ ’ਤੇ ਝੂਠਾ ਚੋਰੀ ਦਾ ਦੋਸ਼ ਲਾ ਦਿੱਤਾ ਸੀ, ਜਿਸ ਕਾਰਨ ਉਸ ਲਈ ਓਮਾਨ ਤੋਂ ਬਾਹਰ ਨਿਕਲਣਾ ਹੋਰ ਵੀ ਮੁਸ਼ਕਲ ਹੋ ਗਿਆ ਤੇ ਉਸ ਨੇ ਇਹ ਵੀ ਦੱਸਿਆ ਕਿ ਇਹ ਤਰੀਕਾ ਉੱਥੇ ਹੋਰ ਲੜਕੀਆਂ ਨਾਲ ਵੀ ਵਰਤਿਆ ਜਾ ਰਿਹਾ ਹੈ, ਜੋ ਇਨਸਾਫ ਲਈ ਅੱਜ ਵੀ ਭਟਕ ਰਹੀਆਂ ਹਨ।