DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਜਾਬ ਨੂੰ ਸੌਗਾਤ: ਕਣਕ ਦੇ ਬੀਜ ’ਤੇ ਸਬਸਿਡੀ ਲਈ 50 ਕਰੋੜ ਰੁਪਏ ਮਨਜ਼ੂਰ

ਨਵੀਂ ਦਿੱਲੀ ਵਿੱਚ ਖੁੱਡੀਆਂ ਨੇ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਨੂੰ ਕੀਤੀ ਸੀ ਅਪੀਲ

  • fb
  • twitter
  • whatsapp
  • whatsapp
featured-img featured-img
ਕੌਮੀ ਕਾਨਫ਼ਰੰਸ ਮੌਕੇ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਸਾਂਝੀ ਤਸਵੀਰ।
Advertisement

ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਪੰਜਾਬ ਅਤੇ ਕੇਂਦਰ ਦੇ ਸਿਆਸੀ ਟਕਰਾਅ ਵਿਚਾਲੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ’ਤੇ ਮਿਹਰਬਾਨ ਹੋਏ ਹਨ। ਦਿੱਲੀ ਵਿੱਚ 28-29 ਸਤੰਬਰ ਨੂੰ ਹੋਈ ਕੌਮੀ ਖੇਤੀ ਕਾਨਫਰੰਸ ’ਚ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕ੍ਰਿਸ਼ੀ ਉੱਨਤੀ ਸਕੀਮ ਅਤੇ ਕਣਕ ਦੇ ਬੀਜਾਂ ’ਤੇ ਸਬਸਿਡੀ ਜਾਰੀ ਕਰਨ ਲਈ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਨੂੰ ਅਪੀਲ ਕੀਤੀ ਸੀ। ਕੇਂਦਰੀ ਮੰਤਰੀ ਚੌਹਾਨ ਨੇ 28 ਸਤੰਬਰ ਨੂੰ ਹੀ ਪੰਜਾਬ ਨੂੰ ਕਣਕ ਦੇ ਬੀਜ ’ਤੇ ਸਬਸਿਡੀ ਲਈ 50 ਕਰੋੜ ਰੁਪਏ ਦੀ ਮਨਜ਼ੂਰੀ ਦੇ ਦਿੱਤੀ।

ਕੇਂਦਰੀ ਮੰਤਰੀ ਨੇ ਮੌਕੇ ’ਤੇ ਹੀ ਮਨਜ਼ੂਰੀ ਪੱਤਰ ਖੇਤੀ ਮੰਤਰੀ ਖੁੱਡੀਆਂ ਨੂੰ ਸੌਂਪ ਦਿੱਤਾ। ਕੇਂਦਰੀ ਖੇਤੀ ਮੰਤਰਾਲੇ ਵੱਲੋਂ ਸਾਲ 2026 ਲਈ ਇਕੱਲੇ ਤੇਲ ਬੀਜਾਂ ’ਤੇ ਹੀ ਆਤਮ-ਨਿਰਭਰ ਯੋਜਨਾ ਤਹਿਤ ਰਾਸ਼ੀ ਦਿੱਤੀ ਜਾ ਰਹੀ ਹੈ ਅਤੇ ਇਸੇ ਕਰ ਕੇ ਕਣਕ ਦੇ ਬੀਜ ’ਤੇ ਐਤਕੀਂ ਪੰਜਾਬ ਨੂੰ ਸਬਸਿਡੀ ਨਹੀਂ ਦਿੱਤੀ ਗਈ ਸੀ।

Advertisement

ਖੁੱਡੀਆਂ ਨੇ ਪੰਜਾਬ ਲਈ ਉਚੇਚੇ ਤੌਰ ’ਤੇ ਕਣਕ ਦੇ ਬੀਜ ’ਤੇ ਸਬਸਿਡੀ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ ਜੋ ਫ਼ੌਰੀ ਮਨਜ਼ੂਰ ਹੋ ਗਈ ਜਦੋਂ ਕਿ ਬਾਕੀ ਕਿਸੇ ਸੂਬੇ ਨੂੰ ਕਣਕ ਦੇ ਬੀਜ ’ਤੇ ਸਬਸਿਡੀ ਰਾਸ਼ੀ ਜਾਰੀ ਨਹੀਂ ਹੋਈ ਹੈ।

Advertisement

ਪੰਜਾਬ ’ਚ ਢਾਈ ਲੱਖ ਕਣਕ ਦੇ ਪ੍ਰਮਾਣਿਤ ਬੀਜ ਦੀ ਵੰਡ ਸਬਸਿਡੀ ’ਤੇ ਕੀਤੀ ਜਾਣੀ ਹੈ। ਇਸੇ ਤਰ੍ਹਾਂ ਕ੍ਰਿਸ਼ੀ ਉੱਨਤੀ ਸਕੀਮ ਦੀ ਰੁਕੀ ਹੋਈ ਦੂਜੀ ਕਿਸ਼ਤ ਵੀ ਕੇਂਦਰ ਨੇ ਜਾਰੀ ਕਰ ਦਿੱਤੀ ਹੈ ਜੋ ਕਿ 43.12 ਕਰੋੜ ਰੁਪਏ ਬਣਦੀ ਹੈ। ਇਸੇ ਤਰ੍ਹਾਂ ਕੁੱਝ ਫੁਟਕਲ ਕੰਮਾਂ ਲਈ ਵੀ ਰਾਸ਼ੀ ਪ੍ਰਵਾਨ ਹੋਈ ਹੈ। ਪੰਜਾਬ ਲਈ ਕਰੀਬ 100 ਕਰੋੜ ਰੁਪਏ ਦੇ ਕੇਂਦਰੀ ਫ਼ੰਡ ਮਨਜ਼ੂਰ ਹੋ ਗਏ ਹਨ। ਖ਼ਾਸ ਗੱਲ ਇਹ ਹੈ ਕਿ ਸ਼ਿਵਰਾਜ ਚੌਹਾਨ ਅਤੇ ਗੁਰਮੀਤ ਸਿੰਘ ਖੁੱਡੀਆਂ ਦਰਮਿਆਨ ਕਾਫ਼ੀ ਸੁਖਾਵੇਂ ਸਬੰਧ ਹਨ ਅਤੇ ਚੌਹਾਨ ਆਪਣੇ ਘਰੇਲੂ ਤੇ ਸਮਾਜਿਕ ਸਮਾਗਮਾਂ ’ਚ ਵੀ ਖੁੱਡੀਆਂ ਨੂੰ ਉਚੇਚੇ ਤੌਰ ’ਤੇ ਸੱਦਦੇ ਹਨ।

ਸਿਆਸੀ ਹਲਕਿਆਂ ’ਚ ਇਨ੍ਹਾਂ ਸਬੰਧਾਂ ਦੇ ਅਗਾਮੀ ਚੋਣਾਂ ਦੇ ਮੱਦੇਨਜ਼ਰ ਕਈ ਤਰ੍ਹਾਂ ਮਾਅਨੇ ਕੱਢੇ ਜਾ ਰਹੇ ਹਨ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਤਾਂ ਕੌਮੀ ਕਾਨਫ਼ਰੰਸ ਦੌਰਾਨ ਪੰਜਾਬ ਦੀ ਕਿਸਾਨੀ ਦੇ ਭਲੇ ਲਈ ਕੇਂਦਰੀ ਮੰਤਰੀ ਚੌਹਾਨ ਅੱਗੇ ਫ਼ਰਿਆਦ ਰੱਖੀ ਸੀ ਜਿਸ ਦੇ ਚੱਲਦਿਆਂ ਕੇਂਦਰ ਨੇ ਫ਼ੰਡਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਉਹ ਸ਼ਿਵਰਾਜ ਚੌਹਾਨ ਦਾ ਧੰਨਵਾਦ ਕਰਦੇ ਹਨ। ਇਹ ਪੰਜਾਬ ਦੀ ਹੱਕੀ ਮੰਗ ਸੀ। ਦੂਸਰੇ ਪਾਸੇ ਦੇਖੀਏ ਤਾਂ ਪੇਂਡੂ ਵਿਕਾਸ ਫੰਡਾਂ ਦੇ ਬਕਾਏ ਦੇਣ ਲਈ ਕੇਂਦਰ ਪੰਜਾਬ ਨੂੰ ਕੋਈ ਰਾਹ ਨਹੀਂ ਦੇ ਰਿਹਾ ਹੈ।

ਪੰਜਾਬ ਸਰਕਾਰ ਦਾ ਗਿਲਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਲਈ ਐਲਾਨੇ ਹੜ੍ਹ ਰਾਹਤ ਪੈਕੇਜ ਦੀ ਰਾਸ਼ੀ ਵੀ ਨਹੀਂ ਦਿੱਤੀ। ਕੌਮੀ ਕਾਨਫ਼ਰੰਸ ਮੌਕੇ ਪੰਜਾਬ ਤਰਫ਼ੋਂ ਖੇਤੀ ਵਿਭਾਗ ਦੇ ਡਾਇਰੈਕਟਰ ਗੁਰਜੀਤ ਸਿੰਘ ਬਰਾੜ ਨੇ ਪੰਜਾਬ ਦੀਆਂ ਫ਼ੌਰੀ ਲੋੜਾਂ ’ਤੇ ਤਰਜੀਹ ਬਾਰੇ ਖ਼ਾਕਾ ਪੇਸ਼ ਕੀਤਾ ਸੀ। ਪੰਜਾਬ ਸਰਕਾਰ ਵੱਲੋਂ ਕਿਸਾਨੀ ਲਈ ਕੀਤੇ ਜਾਂਦੇ ਕੰਮਾਂ ਦੇ ਵੇਰਵੇ ਵੀ ਸਾਂਝੇ ਕੀਤੇ ਗਏ। ਮੁਫ਼ਤ ਬਿਜਲੀ ਦੀ ਸਹੂਲਤ, ਨਰਮੇ ਦੇ ਬੀਜ ’ਤੇ 33 ਫ਼ੀਸਦੀ ਸਬਸਿਡੀ, ਗੰਨੇ ਦਾ ਭਾਅ ਸਭ ਤੋਂ ਵੱਧ 416 ਰੁਪਏ ਪ੍ਰਤੀ ਕੁਇੰਟਲ ਅਤੇ ਪਰਾਲੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਉਭਾਰਿਆ ਗਿਆ।

Advertisement
×