ਗਿੱਦੜਬਾਹਾ: ਸਮਾਂ ਤੇ ਥਾਂ ਤੈਅ ਕਰਕੇ ਕਈ ਪਿੰਡਾਂ ਦੇ ਨੌਜਵਾਨਾਂ ਨੇ ਕੀਤੀ ਸਿੱਧੀ ਖੂਨੀ ਲੜਾਈ; ਗੋਲੀਆਂ ਚੱਲੀਆਂ, ਸੱਤ ਜ਼ਖ਼ਮੀ

ਗਿੱਦੜਬਾਹਾ: ਸਮਾਂ ਤੇ ਥਾਂ ਤੈਅ ਕਰਕੇ ਕਈ ਪਿੰਡਾਂ ਦੇ ਨੌਜਵਾਨਾਂ ਨੇ ਕੀਤੀ ਸਿੱਧੀ ਖੂਨੀ ਲੜਾਈ; ਗੋਲੀਆਂ ਚੱਲੀਆਂ, ਸੱਤ ਜ਼ਖ਼ਮੀ

ਦਵਿੰਦਰ ਮੋਹਨ ਬੇਦੀ

ਗਿੱਦੜਬਾਹਾ, 13 ਅਗਸਤ

ਨੌਜਵਾਨਾਂ ਦੇ ਦੋ ਧੜਿਆਂ ਵਿਚ ਹੋਈ ਖੂਨੀ ਝੜਪ ਵਿਚ 7 ਜਣੇ ਜ਼ਖ਼ਮੀ ਹੋ ਗਏ। ਦੋ ਗੰਭੀਰ ਜ਼ਖ਼ਮੀਆਂ ਵਿਚੋਂ ਇਕ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਅਤੇ ਦੂਜੇ ਨੂੰ ਬਠਿੰਡਾ ਰੈਫਰ ਕੀਤਾ ਗਿਆ ਹੈ। ਨੌਜਵਾਨਾਂ ਵਿਚ ਬੀਤੇ ਦਿਨ ਕਿਸੇ ਗੱਲ ਕਾਰਨ ਤਕਰਾਰ ਹੋਈ ਸੀ, ਜਿਸ ਮਗਰੋਂ ਦੋਵਾਂ ਧਿਰਾਂ ਦੇ ਨੌਜਵਾਨਾਂ ਨੇ ਸਮਾਂ ਤੇ ਸਥਾਨ ਤੈਅ ਕਰਕੇ ਅੱਜ ਪਿੰਡ ਹੁਸਨਰ ਤੋਂ ਪਿੰਡ ਗੁਰੂਸਰ ਨੂੰ ਜਾਂਦੀ ਸੜਕ 'ਤੇ ਨਹਿਰਾਂ ਦੇ ਪੁਲ ਨੇੜੇ ਅਬਾਦੀ ਤੋਂ ਦੂਰ ਆਪਣੇ ਡੇਢ-ਦੋ ਸੌ ਹਮਾਇਤੀਆਂ ਨਾਲ ਸਿੱਧੀ ਲੜਾਈ ਕੀਤੀ। ਇਸ ਦੌਰਨ ਖੁੱਲ੍ਹ ਕੇ ਗੋਲੀਆਂ ਚਲਾਈਆਂ ਗਈਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਅ। ਨੌਜਵਾਨਾਂ ਵਿਚ ਪਿੰਡ ਗੁਰੂਸਰ, ਹੁਸਨਰ, ਮਧੀਰ ਤੋਂ ਇਲਾਵਾ ਹੋਰ ਪਿੰਡਾਂ ਦੇ ਨੌਜਵਾਨ ਸ਼ਾਮਲ ਹਨ।

ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਧਰਿੰਦਰ ਗਰਗ ਨੇ ਦੱਸਿਆ ਕਿ 7 ਜ਼ਖ਼ਮੀਆਂ ਵਿਚੋਂ ਗੰਭੀਰ ਗੋਰਾ ਸਿੰਘ ਵਾਸੀ ਗੁਰੂਸਰ ਦੇ ਪੇਟ ਵਿਚ ਗੋਲੀ ਵੱਜੀ ਹੈ, ਨੂੰ ਮੁੱਢਲੀ ਸਹਾਇਤਾ ਉਪਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਗੁਰਸੇਵਕ ਸਿੰਘ ਵਾਸੀ ਹੁਸਨਰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖ਼ਮੀ ਸੀ ਨੂੰ ਵੀ ਮੁੱਢਲੀ ਸਹਾਇਤਾ ਉਪਰੰਤ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਹੈ। ਹੋਰ ਜਖ਼ਮੀਆਂ ਵਿੱਚ ਵਰਿੰਦਰ ਸਿੰਘ ਵਾਸੀ ਮਧੀਰ, ਬਲਜੀਤ ਸਿੰਘ ਵਾਸੀ ਔਲਖ, ਲਭਦੀਪ ਸਿੰਘ ਵਾਸੀ ਗਿੱਦੜਬਾਹਾ, ਮਨਪ੍ਰੀਤ ਸਿੰਘ ਵਾਸੀ ਲਾਲਬਾਈ, ਅਜੈਪਾਲ ਸਿੰਘ ਵਾਸੀ ਗੁਰੂਸਰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਜੇਰੇ ਇਲਾਜ ਹਨ। ਘਟਨਾ ਸਥਾਨ 'ਤੇ ਪਹੁੰਚੇ ਥਾਣਾ ਗਿੱਦੜਬਾਹਾ ਦੇ ਮੁੱਖ ਅਫ਼ਸਰ ਪਰਮਜੀਤ ਸਿੰਘ ਨੇ ਦੱਸਿਆ ਕਿ ਲੜਾਈ ਦੇ ਕਾਰਨ ਦਾ ਪਤਾ ਨਹੀਂ ਲੱਗਿਆ ਤੇ ਜ਼ਖ਼ਮੀਆਂ ਤੇ ਅੱਖੀਂ ਦੇਖਣ ਵਾਲਿਆਂ ਦੇ ਬਿਆਨ ਦਰਜ ਕਰਕੇ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All