ਪੰਜਾਬ ਦੇ ਦੋ ਹਜ਼ਾਰ ਸਕੂਲਾਂ ’ਚੋਂ ਸਿਰਫ਼ 250 ’ਚ ਪੜ੍ਹਾਈ ਜਾ ਰਹੀ ਹੈ ਜੌਗਰਫੀ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 24 ਮਈ
ਜੌਗਰਫੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਦੇ ਸੂਬਾ ਪੱਧਰੀ ਵਫ਼ਦ ਨੇ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਦੀ ਅਗਵਾਈ ਹੇਠ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਦੱਸਿਆ ਕਿ ਪੰਜਾਬ ਵਿੱਚ 2000 ਸਕੂਲਾਂ ਵਿੱਚੋਂ ਕੇਵਲ 250 ਸਕੂਲਾਂ ਵਿੱਚ ਹੀ ਜੌਗਰਫੀ ਵਿਸ਼ਾ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਜੌਗਰਫੀ (ਭੂਗੋਲ) ਵਿਸ਼ੇ ਨੂੰ ਪ੍ਰਫੁੱਲਤ ਕਰਨ, ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਵਿੱਚ ਕਾਮਯਾਬੀ ਹਾਸਲ ਕਰਨ ਅਤੇ ਅਧਿਆਪਕਾਂ ਦੀਆਂ ਪਦਉਨਤੀਆਂ, ਬਦਲੀਆਂ ਸਬੰਧੀ ਸਮੱਸਿਆਵਾਂ ਹੱਲ ਕਰਨ ਅਤੇ ਜੌਗਰਫ਼ੀ ਵਿਸ਼ਾ ਪੜ੍ਹਾਏ ਜਾਣ ਵਾਲੇ ਸਕੂਲਾਂ ਵਿੱਚ ਪ੍ਰਯੋਗਸ਼ਾਲਾਵਾਂ ਸਥਾਪਤ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਜੌਗਰਫੀ ਲੈਕਚਰਾਰਾਂ ਦੀਆਂ ਕੁੱਲ 357 ਅਸਾਮੀਆਂ ਮਨਜ਼ੂਰ ਹਨ ਪ੍ਰੰਤੂ ਇਨ੍ਹਾਂ ਨੂੰ ਸਿੱਖਿਆ ਵਿਭਾਗ ਵੱਲੋਂ ਈ-ਪੰਜਾਬ ਪੋਰਟਲ ’ਤੇ ਦਰਸਾਇਆ ਨਹੀਂ ਜਾ ਰਿਹਾ। ਇਸ ਮੌਕੇ ਸਪੀਕਰ ਨੇ ਸਿੱਖਿਆ ਮੰਤਰੀ ਤੇ ਉੱਚ ਅਧਿਕਾਰੀਆਂ ਨੂੰ ਜਥੇਬੰਦੀ ਦਾ ਮੰਗ ਪੱਤਰ ਭੇਜ ਕੇ ਸਿਫ਼ਾਰਸ਼ ਕਰਨ ਦਾ ਭਰੋਸਾ ਦਿੱਤਾ।