ਗਗਨਦੀਪ ਅਰੋੜਾ
ਇਥੇ ਆਰ ਕੇ ਰੋਡ ’ਤੇ ਸਥਿਤ ਫੈਕਟਰੀ ਵਿੱਚ ਗੈਸ ਲੀਕ ਹਾਦਸੇ ਤੋਂ ਬਾਅਦ ਜਾਂਚ ਸ਼ੁਰੂ ਹੋ ਗਈ ਹੈ। ਫੈਕਟਰੀ ਅੰਦਰ ਪ੍ਰਸ਼ਾਸਨ ਦੀ ਪ੍ਰਵਾਨਗੀ ਤੋਂ ਬਿਨਾਂ ਨਾਜਾਇਜ਼ ਕੈਮੀਕਲ ਟੈਂਕ ਤਿਆਰ ਕੀਤਾ ਗਿਆ ਸੀ। ਅੱਧੀ ਰਾਤ ਨੂੰ ਬਿਨਾਂ ਕਿਸੇ ਸੁਰੱਖਿਆ ਉਪਕਰਨ, ਮਾਸਕ ਜਾਂ ਦਸਤਾਨਿਆਂ ਦੇ ਮਜ਼ਦੂਰਾਂ ਨੂੰ ਇਸ ਜ਼ਹਿਰੀਲੇ ਗਟਰ ਦੀ ਸਫ਼ਾਈ ਲਈ ਹੇਠਾਂ ਉਤਾਰ ਦਿੱਤਾ ਗਿਆ।
ਜ਼ਹਿਰੀਲੀ ਗੈਸ ਨੇ ਕੁਝ ਹੀ ਸਮੇਂ ਵਿੱਚ ਪਿਓ-ਪੁੱਤਰ ਸਣੇ ਤਿੰਨ ਮਜ਼ਦੂਰਾਂ ਦੀ ਜਾਨ ਲੈ ਲਈ। ਫੈਕਟਰੀ ਮਾਲਕ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਤੱਕ ਨੂੰ ਹਾਦਸੇ ਦੀ ਭਿਣਕ ਨਹੀਂ ਲੱਗਣ ਦਿੱਤੀ। ਹਾਦਸੇ ਦੇ ਕਰੀਬ 10 ਘੰਟਿਆਂ ਬਾਅਦ ਇਸ ਦਾ ਖ਼ੁਲਾਸਾ ਹੋਇਆ। ਐੱਸ ਡੀ ਐੱਮ ਜਸਲੀਨ ਕੌਰ ਭੁੱਲਰ ਦੀ ਮੁੱਢਲੀ ਪੜਤਾਲ ਵਿੱਚ ਸੁਰੱਖਿਆ ਨਿਯਮਾਂ ਦੀਆਂ ਉਲੰਘਣਾ ਸਾਹਮਣੇ ਆਈ ਹੈ। ਫੈਕਟਰੀ ਦੇ ਅੰਦਰ ਚੋਰੀ ਬਣਾਏ ਟੈਂਕ ’ਚ ਖ਼ਤਰਨਾਕ ਕੈਮੀਕਲ ਵੇਸਟ ਰੱਖਿਆ ਜਾਂਦਾ ਸੀ। ਫੈਕਟਰੀ ਮਾਲਕ ਹਮੇਸ਼ਾ ਹੀ ਇਸ ਟੈਂਕ ਨੂੰ ਰਾਤ ਸਮੇਂ ਸਾਫ਼ ਕਰਵਾਉਂਦਾ ਸੀ। ਹਾਦਸੇ ਮਗਰੋਂ ਬੇਹੋਸ਼ ਹੋਏ ਮਜ਼ਦੂਰਾਂ ਨੂੰ ਤੁਰੰਤ ਕੋਈ ਮੈਡੀਕਲ ਸਹਾਇਤਾ ਵੀ ਨਹੀਂ ਮਿਲ ਸਕੀ। ਹਾਦਸੇ ਦਾ ਸ਼ਿਕਾਰ ਹੋਏ ਪਿਓ-ਪੁੱਤਰ ਮਾਨ ਸਿੰਘ ਅਤੇ ਅਮਿਤ ਦਾ ਪਰਿਵਾਰ ਰਾਤ ਤੋਂ ਸਵੇਰ ਤੱਕ ਉਨ੍ਹਾਂ ਦੇ ਮੋਬਾਈਲ ਫੋਨਾਂ ’ਤੇ ਸੰਪਰਕ ਕਰਦਾ ਰਿਹਾ, ਪਰ ਫੈਕਟਰੀ ਦੇ ਜ਼ਿੰਮੇਵਾਰ ਲੋਕ ਘਟਨਾ ਦਬਾਉਣ ਵਿੱਚ ਲੱਗੇ ਰਹੇ। ਮਾਨ ਸਿੰਘ ਦੀ ਬੇਟੀ ਰੇਨੂੰ ਨੇ ਦੱਸਿਆ ਕਿ ਸਵੇਰ ਤੱਕ ਪ੍ਰਬੰਧਕ ਉਨ੍ਹਾਂ ਨੂੰ ਗੁਮਰਾਹ ਕਰਦੇ ਰਹੇ। ਹਾਦਸੇ ਤੋਂ ਬਾਅਦ ਫੈਕਟਰੀ ਮਾਲਕ ਅਤੇ ਸਾਰੇ ਮੁਲਜ਼ਮ ਫ਼ਰਾਰ ਹਨ।
ਮੈਜਿਸਟਰੇਟੀ ਜਾਂਚ ਸ਼ੁਰੂ
ਡੀ ਸੀ ਹਿਮਾਂਸ਼ੂ ਜੈਨ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੈਜਿਸਟਰੇਟ ਜਾਂਚ ਦੇ ਹੁਕਮ ਦੇ ਕੇ ਐੱਸ ਡੀ ਐੱਮ ਨੂੰ ਨੋਡਲ ਅਫ਼ਸਰ ਬਣਾਇਆ ਹੈ। ਅੱਜ ਨਿਗਮ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਟੀਮਾਂ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

