ਅੰਮ੍ਰਿਤਸਰ ਜੇਲ੍ਹ ’ਚ ਬੰਦ ਗੈਂਗਸਟਰ ਨੇ ਫ਼ਿਰੌਤੀ ਲਈ ਮੋਗਾ ’ਚ ਵਜਾਈ ਘੰਟੀ

ਅੰਮ੍ਰਿਤਸਰ ਜੇਲ੍ਹ ’ਚ ਬੰਦ ਗੈਂਗਸਟਰ ਨੇ ਫ਼ਿਰੌਤੀ ਲਈ ਮੋਗਾ ’ਚ ਵਜਾਈ ਘੰਟੀ

ਮੋਗਾ ਪੁਲੀਸ ਵੱਲੋਂ ਕਬਜ਼ੇ ਵਿਚ ਲਈ ਕਾਰ ਦਾ ਦ੍ਰਿਸ਼।

ਮਹਿੰਦਰ ਸਿੰਘ ਰੱਤੀਆਂ
ਮੋਗਾ, 9 ਅਗਸਤ

ਪੰਜਾਬ ਦੀਆਂ ਜੇਲ੍ਹਾਂ ’ਚ ਬੰਦ ਗੈਂਗਸਟਰਾਂ ਵੱਲੋਂ ਮੋਬਾਈਲ ਫੋਨਾਂ ਦੀ ਵਰਤੋਂ ਦਾ ਮਾਮਲਾ ਸਰਕਾਰ ਕੋਲੋਂ ਹੱਲ ਨਹੀਂ ਹੋ ਰਿਹਾ। ਉਹ ਜੇਲ੍ਹਾਂ ’ਚੋਂ ਫੋਨ ਕਰਕੇ ਲੋਕਾਂ ਨੂੰ ਨਿੱਤ ਡਰਾ ਧਮਕਾ ਰਹੇ ਹਨ। ਹੁਣ ਅੰਮ੍ਰਿਤਸਰ ਜੇਲ੍ਹ ’ਚ ਬੰਦ ਇਕ ਨਾਮੀ ਗੈਂਗਸਟਰ ਨੇ ਮੋਗਾ ਵਿੱਚ ਫਿਰੌਤੀ ਲਈ ਫੋਨ ਕੀਤਾ ਹੈ। ਪੁਲੀਸ ਨੇ ਕਥਿਤ ਫ਼ਿਰੌਤੀ ਲੈਣ ਆਈ ਉਸ ਦੀ ਮਾਂ ਸਣੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਸ    ਸਬੰਧੀ ਸਿਟੀ ਪੁਲੀਸ ਗੈਂਗਸਟਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਊਕਤ ਗੈਂਗਸਟਰ ਲੁਧਿਆਣਾ ਵਿੱਚ ਵਾਪਰੇ 30 ਕਿਲੋ ਸੋਨੇ ਦੀ ਲੁੱਟ ਦੇ ਮਾਮਲੇ ਵਿੱਚ ਅੰਮ੍ਰਿਤਸਰ ਜੇਲ੍ਹ ’ਚ ਬੰਦ ਹੈ। 

ਥਾਣਾ  ਸਿਟੀ (ਦੱਖਣੀ) ਦੇ ਮੁਖੀ ਸੰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੁਧਿਆਣਾ ਵਿੱਚ ਸੋਨੇ ਦੀ ਲੁੱਟ ਦੇ ਮਾਮਲੇ  ਵਿੱਚ ਗ੍ਰਿਫ਼ਤਾਰੀ ਮਗਰੋਂ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਨਾਮੀ ਗੈਂਗਸਟਰ ਗਗਨਦੀਪ ਸਿੰੰਘ ਉਰਫ਼ ਗਗਨ ਜੱਜ ਨੂੰ  ਜੇਲ੍ਹ ਵਿੱਚੋਂ ਲੋਕਾਂ ਨੂੰ ਫੋਨ ਕਰਕੇ ਡਰਾ ਧਮਕਾ ਕੇ ਫਿਰੌਤੀਆਂ ਮੰਗਣ ਦੋਸ਼ ਹੇਠ ਨਾਮਜ਼ਦ ਕੀਤਾ ਹੈ। ਪੁਲੀਸ ਨੇ ਉਸ ਦੀ ਮਾਂ ਸਵਰਨਜੀਤ ਕੌਰ ਵਾਸੀ ਫ਼ਿਰੋਜ਼ਪੁਰ, ਹਰਪ੍ਰੀਤ ਸਿੰਘ  ਪਿੰਡ ਭੰਬਾ ਲੰਡਾ (ਫਿਰੋਜ਼ਪੁਰ) ਅਤੇ ਅਮਨਦੀਪ ਸਿੰਘ ਪਿੰਡ  ਚੂਹੜ ਚੱਕ ਅਤੇ 2 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸੇ ਦੌਰਾਨ ਪੁਲੀਸ ਨੇ ਕਿਸੇ ਤੋਂ ਫਿਰੌਤੀ ਦੀ ਰਕਮ ਵਸੂਲਣ ਲਈ ਇਥੇ ਆਈ ਮੁਲਜ਼ਮ ਸਵਰਨਜੀਤ ਕੌਰ,  ਹਰਪ੍ਰੀਤ ਸਿੰਘ ਅਤੇ  ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਦੀ ਗੱਡੀ ਕਬਜ਼ੇ ਵਿੱਚ ਲੈ ਲਈ ਗਈ ਹੈ। ਉਨ੍ਹਾਂ ਮਾਮਲੇ ਬਾਰੇ ਹੋਰ ਕੁਝ ਨਾ ਦੱਸਦਿਆਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਆਖਿਆ ਕਿ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਅਤੇ ਪੁਲੀਸ ਰਿਮਾਂਡ ਹਾਸਲ ਕਰਕੇ ਸਾਰੀ ਜਾਣਕਾਰੀ ਹਾਸਲ ਕਰੇਗੀ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਨਾਮੀ ਗੈਂਗਸਟਰ ਗਗਨਦੀਪ ਸਿੰੰਘ ਉਰਫ਼ ਗਗਨ ਜੱਜ ਨੂੰ ਲੁਧਿਆਣਾ ਵਿੱਚੋਂ ਇਸ ਸਾਲ ਫ਼ਰਵਰੀ ਮਹੀਨੇ 30 ਕਿਲੋ ਸੋਨਾ ਲੁੱਟਣ ਦੇ ਦੇਸ਼ ਹੇਠ 13 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਹੁਣ ਅੰਮ੍ਰਿਤਸਰ ਜੇਲ੍ਹ ਵਿੱਚੋਂ ਲੋਕਾਂ ਨੂੰ ਫ਼ਿਰੌਤੀ ਲਈ ਫੋਨ ਕਰਕੇ ਡਰਾ ਧਮਕਾ ਰਿਹਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੈਂਗਸਟਰ ਨੂੰ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦਾ ਜਾਵੇਗਾ।

ਜੇਲ੍ਹ ਮੰਤਰੀ ਦਾ ਗੋਲ-ਮੋਲ ਜਵਾਬ

ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ੍ਹਾਂ ’ਚੋਂ ਗੈਂਗਸਟਰਾਂ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਬਹੁਤ ਹੀ ਗੋਲ-ਮੋਲ ਜਵਾਬ ਦਿੱਤਾ। ਉਨ੍ਹਾਂ ਜੇਲ੍ਹ ਪ੍ਰਸ਼ਾਸਨ ਦਾ ਬਚਾਅ ਕਰਦਿਆ ਕਿਹਾ ਕਿ ਜੇਲ੍ਹ ਅਧਿਕਾਰੀ ਕਰੋਨਾ ਪਾਜ਼ੇਟਿਵ ਆਏ ਹਨ ਉਨ੍ਹਾਂ ਦੀ ਕੋਈ ਗ਼ਲਤੀ ਨਹੀਂ ਬਲਕਿ ਜੇਲ੍ਹਾਂ ’ਚ ਬੁਨਿਆਦੀ ਢਾਂਚੇ ਦੀ ਹੀ ਕਮੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਦੀ ਪੁਲੀਸ ਪੁੱਛ-ਪੜਤਾਲ ਮਗਰੋਂ ਜੇਕਰ ਕੋਈ ਮੁਲਾਜ਼ਮ ਜਾਂ ਅਧਿਕਾਰੀ ਕਸੂਰਵਾਰ ਹੋਇਆ ਤਾਂ ਉਸ ਖ਼ਿਲਾਫ਼ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਮੋਬਾਈਲ ਡਿਟੈਕਟਰ, ਬਾਡੀ ਸਕੈਨਰ ਉਪਲੱਬਧ ਨਾ ਹੋਣ ਕਾਰਨ ਕੈਦੀ ਮੋਬਾਈਲ ਵਗੈਰਾ ਛੁਪਾ ਕੇ ਲਿਜਾਣ ’ਚ ਕਾਮਯਾਬ ਹੋ ਜਾਂਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All