DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੈਂਗਸਟਰ ਡੋਨੀ ਬਾਲ ਵੱਲੋਂ 'AAP ਵਿਧਾਇਕ ਗਿਆਸਪੁਰਾ ਨੂੰ ਜਾਨੋਂ ਮਾਰਨ ਦੀ ਧਮਕੀ

ਪਾਇਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਗੈਂਗਸਟਰ ਡੋਨੀ ਬਾਲ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਗੈਂਗਸਟਰ ਨੇ ਵਿਧਾਇਕ ਅਤੇ ਆੜ੍ਹਤੀਆ ਐਸੋਸੀਏਸ਼ਨ ਪਾਇਲ ਦੇ ਪ੍ਰਧਾਨ ਅਵਿਨਾਸ਼ਪ੍ਰੀਤ ਜੱਲਾ ਦੋਵਾਂ ਨੂੰ ਮਾਰਨ ਦੀ ਧਮਕੀ ਦਿੱਤੀ ਹੈ।...

  • fb
  • twitter
  • whatsapp
  • whatsapp
featured-img featured-img
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਫਾਈਲ ਫੋਟੋ
Advertisement

ਪਾਇਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਗੈਂਗਸਟਰ ਡੋਨੀ ਬਾਲ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਗੈਂਗਸਟਰ ਨੇ ਵਿਧਾਇਕ ਅਤੇ ਆੜ੍ਹਤੀਆ ਐਸੋਸੀਏਸ਼ਨ ਪਾਇਲ ਦੇ ਪ੍ਰਧਾਨ ਅਵਿਨਾਸ਼ਪ੍ਰੀਤ ਜੱਲਾ ਦੋਵਾਂ ਨੂੰ ਮਾਰਨ ਦੀ ਧਮਕੀ ਦਿੱਤੀ ਹੈ।

ਇਸ ਘਟਨਾ ਤੋਂ ਬਾਅਦ ਖੰਨਾ ਪੁਲੀਸ ਨੇ ਵਿਧਾਇਕ ਦੀ ਸੁਰੱਖਿਆ ਵਧਾ ਦਿੱਤੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਮੁਤਾਬਕ ਗੈਂਗਸਟਰ ਨੇ ਸ਼ੁਰੂ ਵਿੱਚ ਜੱਲਾ ਨੂੰ ਫ਼ੋਨ ਕਰਕੇ ਧਮਕੀ ਦਿੱਤੀ ਸੀ, ਉਸ ਸਮੇਂ ਵਿਧਾਇਕ ਗਿਆਸਪੁਰਾ ਉੱਥੇ ਹੀ ਮੌਜੂਦ ਸਨ। ਵਿਧਾਇਕ ਨੇ ਫ਼ੋਨ ਫੜ ਲਿਆ ਅਤੇ ਫ਼ੋਨ ਕਰਨ ਵਾਲੇ ਨੂੰ ਧਮਕੀਆਂ ਨਾ ਦੇਣ ਦੀ ਚਿਤਾਵਨੀ ਦਿੱਤੀ। ਜਵਾਬ ਵਿੱਚ ਗੈਂਗਸਟਰ ਨੇ ਕਥਿਤ ਤੌਰ 'ਤੇ ਕਿਹਾ, "ਮੈਂ ਤੁਹਾਨੂੰ ਸ਼ਰੇਆਮ ਮਾਰਾਂਗਾ ਅਤੇ ਵੀਡੀਓ ਪੋਸਟ ਕਰਾਂਗਾ। ਪਹਿਲਾਂ ਮੈਂ ਜੱਲਾ ਨੂੰ ਖ਼ਤਮ ਕਰਾਂਗਾ, ਫਿਰ ਤੁਹਾਡੀ ਵਾਰੀ ਹੈ।" ਇਸ ਗੱਲਬਾਤ ਦੀ 15 ਮਿੰਟ ਦੀ ਵੀਡੀਓ ਵੀ ਸਾਹਮਣੇ ਆਈ ਹੈ।

Advertisement

ਵਾਰ-ਵਾਰ ਧਮਕੀਆਂ ਮਿਲਣ ਤੋਂ ਬਾਅਦ ਗਿਆਸਪੁਰਾ ਨੇ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੂੰ ਪੱਤਰ ਲਿਖ ਕੇ ਆਪਣੇ ਅਤੇ ਆਪਣੇ ਸਾਥੀਆਂ ਲਈ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਆਪਣੇ ਪੱਤਰ ਵਿੱਚ ਵਿਧਾਇਕ ਨੇ ਪਾਇਲ ਹਲਕੇ ਵਿੱਚ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ।

Advertisement

ਉਨ੍ਹਾਂ ਦੱਸਿਆ ਕਿ 10 ਅਪਰੈਲ ਨੂੰ ਇੱਕ ਆੜ੍ਹਤੀਏ ਨੂੰ ਵਿਦੇਸ਼ ਤੋਂ ਧਮਕੀ ਭਰਿਆ ਫ਼ੋਨ ਆਇਆ ਸੀ, ਜਿਸ ਤੋਂ ਬਾਅਦ ਉਸ ਦੀ ਪੁਲੀਸ ਸੁਰੱਖਿਆ ਵਧਾ ਦਿੱਤੀ ਗਈ ਸੀ।

15 ਅਪਰੈਲ ਨੂੰ ਆੜ੍ਹਤੀਏ ਦੀ ਦੁਕਾਨ 'ਤੇ ਗੋਲੀਬਾਰੀ ਹੋਈ ਸੀ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਗਲੇ ਦਿਨ ਜੱਲਾ ਨੇ ਗੈਂਗਸਟਰਾਂ ਵਿਰੁੱਧ ਪ੍ਰੈੱਸ ਕਾਨਫਰੰਸ ਕੀਤੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਇੱਕ ਹੋਰ ਧਮਕੀ ਭਰਿਆ ਫ਼ੋਨ ਆਇਆ। ਗਿਆਸਪੁਰਾ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਫ਼ੋਨ ਕਰਨ ਵਾਲੇ ਨਾਲ ਕਰੀਬ 15 ਮਿੰਟ ਗੱਲ ਕੀਤੀ ਅਤੇ ਉਸ ਨੂੰ ਪੰਜਾਬ ਦੀ ਸ਼ਾਂਤੀ ਭੰਗ ਨਾ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਅੱਗੇ ਦੱਸਿਆ ਕਿ ਪੁਲੀਸ ਨੇ 25 ਅਪਰੈਲ ਤੱਕ ਗੋਲੀਬਾਰੀ ਵਿੱਚ ਸ਼ਾਮਲ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਨਾਲ ਕੁਝ ਸਮੇਂ ਲਈ ਰਾਹਤ ਮਿਲੀ। ਹਾਲਾਂਕਿ, ਡੋਨੀ ਬਾਲ ਅਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਨਾਂ 'ਤੇ ਧਮਕੀਆਂ ਮਿਲਦੀਆਂ ਰਹੀਆਂ।

ਵਿਧਾਇਕ ਨੇ ਇਹ ਵੀ ਦੱਸਿਆ ਕਿ 30 ਅਪਰੈਲ ਨੂੰ ਉਨ੍ਹਾਂ ਦੀ ਮੀਡੀਆ ਟੀਮ ਦੇ ਮੈਂਬਰ ਦਿਲਸ਼ਾਦ ਨੂੰ ਰਾਣੋ ਪੁਲ ਦੇ ਨੇੜੇ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਰੋਕਿਆ ਅਤੇ ਧਮਕਾਇਆ।

ਵਿਧਾਇਕ ਗਿਆਸਪੁਰਾ ਨੇ ਆਪਣੀ ਚਿੱਠੀ ਵਿੱਚ ਚਾਰ ਮੁੱਖ ਮੰਗਾਂ ਰੱਖੀਆਂ ਹਨ। ਉਨ੍ਹਾਂ ਕਿਹਾ ਹੈ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ, ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇ, ਉਨ੍ਹਾਂ ਨੂੰ ਤੇ ਉਨ੍ਹਾਂ ਦੇ ਸਾਥੀਆਂ ਨੂੰ ਵਧੇਰੇ ਸੁਰੱਖਿਆ ਦਿੱਤੀ ਜਾਵੇ ਅਤੇ ਇਹ ਪਤਾ ਲਗਾਇਆ ਜਾਵੇ ਕਿ ਇਹ ਧਮਕੀਆਂ ਅਸਲ ਵਿੱਚ ਕਿੱਥੋਂ ਆ ਰਹੀਆਂ ਹਨ।

ਇਸ ਦੌਰਾਨ ਖੰਨਾ ਦੀ ਐੱਸ ਐੱਸ ਪੀ ਡਾ. ਦਰਪਣ ਆਹਲੂਵਾਲੀਆ ਨੇ ਪੁਸ਼ਟੀ ਕੀਤੀ ਕਿ ਐੱਫ ਆਈ ਆਰ ਦਰਜ ਕਰ ਲਈ ਗਈ ਹੈ ਅਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ, “ਖੰਨਾ ਪੁਲੀਸ ਅਜਿਹੇ ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠ ਰਹੀ ਹੈ। ਪੰਜਾਬ ਵਿੱਚ ਸਰਗਰਮ ਡੋਨੀ ਬਾਲ ਦੇ ਕਈ ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।”

ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਉਰਫ਼ ਡੋਨੀ ਬਾਲ, ਅੰਮ੍ਰਿਤਸਰ ਦੇ ਪਿੰਡ ਪਤੀ ਬਲੇਲ ਦਾ ਰਹਿਣ ਵਾਲਾ ਹੈ। ਉਹ ਗੋਪੀ ਘਣਸ਼ਾਮਪੁਰੀਆ ਗੈਂਗ (ਮਾਨ ਘਣਸ਼ਾਮਪੁਰੀਆ-ਡੋਨੀ ਬਾਲ ਧੜਾ) ਦਾ ਮੁੱਖ ਹੈਂਡਲਰ ਹੈ ਅਤੇ ਬੰਬੀਹਾ ਗੈਂਗ ਨਾਲ ਵੀ ਜੁੜਿਆ ਹੋਇਆ ਹੈ। ਜੱਗੂ ਭਗਵਾਨਪੁਰੀਆ, ਹੈਰੀ ਚੱਠਾ ਅਤੇ ਲੰਡਾ ਹਰੀਕੇ ਦੇ ਗੈਂਗ ਉਸ ਦੇ ਵਿਰੋਧੀ ਹਨ।

ਡੋਨੀ ਬਾਲ 'ਤੇ 32 ਤੋਂ ਵੱਧ ਐੱਫ ਆਈ ਆਰ ਦਰਜ ਹਨ। ਉਹ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ, ਹਥਿਆਰਾਂ ਦੀ ਸਮਗਲਿੰਗ, ਲੁੱਟ-ਖੋਹ ਅਤੇ ਡਾਕੇ ਵਰਗੇ ਕਈ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਹੈ। ਉਸ 'ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਉਸ ਦੇ ਚਚੇਰੇ ਭਰਾ ਕਰਨਬੀਰ ਸਿੰਘ ਦੇ ਕਤਲ ਦੇ ਵੀ ਦੋਸ਼ ਹਨ।

Advertisement
×