ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 7 ਸਤੰਬਰ
ਕੋਟਕਪੂਰਾ ਪੁਲੀਸ ਨੇ ਇੱਕ ਨਾਬਾਲਗ ਲੜਕੀ ਨਾਲ ਸਮੂਹਕ ਜਬਰ-ਜਨਾਹ ਦੇ ਦੋਸ਼ ਹੇਠ ਦੋ ਔਰਤਾਂ ਸਣੇ ਕੁਲ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪ੍ਰੀਤ ਕੌਰ ਵਾਸੀ ਕੋਠੇ ਸੈਣਿਆ ਕੋਟਕਪੂਰਾ, ਦੀਪ ਕੌਰ ਵਾਸੀ ਲੁਹਾਰਾ, ਆਕਾਸ਼ਦੀਪ ਸਿੰਘ ਵਾਸੀ ਚੜਿੱਕ ਤੇ ਸੰਦੀਪ ਸਿੰਘ ਵਾਸੀ ਬੁੱਧ ਸਿੰਘ ਵਾਲਾ ਸ਼ਾਮਲ ਹਨ। ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੀੜਤ ਲੜਕੀ ਨੇ ਪੁਲੀਸ ਨੂੰ ਦੱਸਿਆ ਕਿ ਬੀਤੀ 30 ਅਗਸਤ ਨੂੰ ਉਸ ਦੇ ਗੁਆਂਢ ਵਿੱਚ ਰਹਿਣ ਵਾਲੀ ਪ੍ਰੀਤ ਕੌਰ ਉਸ ਨੂੰ ਇਹ ਕਹਿ ਕੇ ਆਪਣੇ ਨਾਲ ਫਰੀਦਕੋਟ ਲੈ ਗਈ ਕਿ ਉਸ ਨੇ ਰੱਖੜੀ ਬੰਨ੍ਹਣ ਜਾਣਾ ਹੈ, ਪਰ ਫ਼ਰੀਦਕੋਟ ਪਹੁੰਚ ਕੇ ਉਹ ਉਸ ਨੂੰ ਮੋਗਾ ਲੈ ਗਈ। ਉਥੇ ਪ੍ਰੀਤ ਕੌਰ ਉਸ ਨੂੰ ਇੱਕ ਹੋਟਲ ਦੇ ਕਮਰੇ ਵਿੱਚ ਬਿਠਾ ਕੇ ਕਿਤੇ ਚਲੀ ਗਈ। ਇਸ ਮਗਰੋਂ ਆਕਾਸ਼ਦੀਪ ਨਾਂ ਦਾ ਵਿਅਕਤੀ ਕਮਰੇ ਵਿੱਚ ਆਇਆ, ਜਿਸ ਨੇ ਉਸ ਦੀ ਬਾਂਹ ’ਤੇ ਇੱਕ ਟੀਕਾ ਲਗਾ ਦਿੱਤਾ ਤੇ ਉਸ ਨੂੰ ਸ਼ਰਾਬ ਵੀ ਪਿਲਾਈ। ਲੜਕੀ ਨੇ ਦੋਸ਼ ਲਾਇਆ ਕਿ ਉਸ ਮਗਰੋਂ ਆਕਾਸ਼ਦੀਪ ਨੇ ਉਸ ਨਾਲ ਜਬਰ-ਜਨਾਹ ਕੀਤਾ ਅਤੇ ਵਿਰੋਧ ਕਰਨ ’ਤੇ ਉਸ ਦੀ ਕੁੱਟਮਾਰ ਵੀ ਕੀਤੀ। ਇਸ ਮਗਰੋਂ ਆਕਾਸ਼ਦੀਪ ਦੇ ਸਾਥੀ ਸੰਦੀਪ ਨੇ ਵੀ ਉਸ ਨਾਲ ਜਬਰ-ਜਨਾਹ ਕੀਤਾ।
ਪੀੜਤਾ ਨੇ ਦੱਸਿਆ ਕਿ ਪ੍ਰੀਤ ਕੌਰ ਉਸ ਨੂੰ ਆਪਣੇ ਘਰ ਲੈ ਗਈ, ਜਿਥੇ ਕਈ ਦਿਨ ਉਸ ਨਾਲ ਜਬਰ-ਜਨਾਹ ਕੀਤਾ ਗਿਆ। ਇੱਕ ਦਿਨ ਉਹ ਭੱਜਣ ਵਿੱਚ ਕਾਮਯਾਬ ਹੋ ਗਈ ਤੇ ਫ਼ਤਿਹਗੜ੍ਹ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੇ ਘਰ ਪਹੁੰਚ ਕੇ ਆਪਬੀਤੀ ਦੱਸੀ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਗਦੀਸ਼ ਕੌਰ ਨੇ ਦੱਸਿਆ ਕਿ ਲੜਕੀ ਦਾ ਮੈਡੀਕਲ ਕਰਵਾਉਣ ਮਗਰੋਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਤਫ਼ਤੀਸ਼ ਆਰੰਭ ਦਿੱਤੀ ਗਈ ਹੈ।