ਭਾਰਤ ਤੋਂ ਵਿਲੀਅਮਜ਼ ਲੇਕ ਤੱਕ: ਮਨਪ੍ਰੀਤ ਖਨੌਰੀ ਨੇ ਬਣਾਈ ਦੋ ਦੁਨੀਆ ਵਿਚਕਾਰ ਆਪਣੀ 'ਥਾਂ'
ਨਸਲੀ ਟਿੱਪਣੀਆਂ ਦੀਆਂ ਚੁਣੌਤੀਆਂ ਨੂੰ ਪਾਰ ਕਰਦਿਆਂ, ਭਾਈਚਾਰੇ ਨੂੰ ਕੁਝ ਵਾਪਸ ਦੇਣ ਦਾ ਸੁਨੇਹਾ ਦੇ ਰਿਹਾ ਹੈ ਮਨਪ੍ਰੀਤ
ਭਾਰਤ ਤੋਂ ਕੈਨੇਡਾ ਆਇਆ ਮਨਪ੍ਰੀਤ ਸਿੰਘ ਖਨੌਰੀ ਅੱਜ ਵਿਲੀਅਮਜ਼ ਲੇਕ ਵਿੱਚ ਸਿਰਫ਼ ਆਪਣਾ ਕਾਰੋਬਾਰ ਹੀ ਨਹੀਂ ਚਲਾ ਰਿਹਾ, ਸਗੋਂ ਪੰਜਾਬੀ ਭਾਈਚਾਰੇ ਦੀ ਪਛਾਣ ਨੂੰ ਸ਼ਹਿਰ ਦੀ ਮੁੱਖ ਧਾਰਾ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਦੀਵਾਲੀ ਤੋਂ ਵਿਸਾਖੀ ਅਤੇ ਪੰਜਾਬੀ ਫਲੋਟ ਤੋਂ ਸਟੈਂਪੀਡ ਪਰੇਡ ਤੱਕ, 32 ਸਾਲਾ ਮਨਪ੍ਰੀਤ ਨੇ ਕਰੀਬ ਇੱਕ ਦਹਾਕੇ ਵਿੱਚ ਛੋਟੇ ਸ਼ਹਿਰ ਦੀ ਭਾਈਚਾਰਕ ਜ਼ਿੰਦਗੀ ਵਿੱਚ ਆਪਣੀ ਵੱਖਰੀ ਥਾਂ ਬਣਾ ਲਈ ਹੈ।
ਭਾਰਤ ਵਿੱਚ ਜਨਮਿਆ ਮਨਪ੍ਰੀਤ ਪੜ੍ਹਾਈ ਲਈ ਕੈਨੇਡਾ ਆਇਆ ਸੀ। ਪ੍ਰਿੰਸ ਜਾਰਜ ਦੇ ਕਾਲਜ ਆਫ਼ ਨਿਊ ਕੈਲੇਡੋਨੀਆ ਵਿੱਚ ਪੜ੍ਹਾਈ ਦੌਰਾਨ ਉਸ ਨੂੰ ਛੋਟੇ ਸ਼ਹਿਰ ਦੀ ਜ਼ਿੰਦਗੀ ਪਸੰਦ ਆਈ। ਵਿਲੀਅਮਜ਼ ਲੇਕ ਉਹ ਦੋਸਤ ਦੀ ਬੇਸਮੈਂਟ ਬਣਾਉਣ ਲਈ ਆਇਆ ਸੀ, ਪਰ ਇਹ ਮੁਲਾਕਾਤ ਆਖ਼ਰਕਾਰ ਉਸ ਦੀ ਜ਼ਿੰਦਗੀ ਦਾ ਨਵਾਂ ਅਧਿਆਇ ਬਣ ਗਈ।
ਅੱਜ ਉਹ ਨਿਰਮਾਣ ਅਤੇ ਰੈਨੋਵੇਸ਼ਨ ਦੇ ਕਾਰੋਬਾਰ ਦੇ ਨਾਲ-ਨਾਲ ਵਿਲੀਅਮਜ਼ ਲੇਕ ਪੰਜਾਬੀ ਐਸੋਸੀਏਸ਼ਨ ਦਾ ਡਾਇਰੈਕਟਰ ਅਤੇ ਵਿਲੀਅਮਜ਼ ਲੇਕ ਸਟੈਂਪੀਡ ਪਰੇਡ ਐਸੋਸੀਏਸ਼ਨ ਦਾ ਉਪ-ਪ੍ਰਧਾਨ ਹੈ। ਸਥਾਨਕ ਪੁਲੀਸ ਨਾਲ ਵੀ ਉਹ ਸਵੈ-ਸੇਵੀ ਤੌਰ ’ਤੇ ਜੁੜਿਆ ਹੋਇਆ ਹੈ।
ਪੰਜਾਬੀ ਭਾਈਚਾਰੇ ਨੂੰ ਇਕੱਠਾ ਕਰਨ ਦੀਆਂ ਉਸ ਦੀਆਂ ਕੋਸ਼ਿਸ਼ਾਂ ਨੇ ਵੀ ਵੱਡਾ ਰੂਪ ਧਾਰਿਆ। 2024 ਵਿੱਚ ਐਸੋਸੀਏਸ਼ਨ ਦੇ ਪਹਿਲੇ ਦੀਵਾਲੀ ਸਮਾਗਮ ਵਿੱਚ ਕਰੀਬ 300 ਲੋਕ ਪਹੁੰਚੇ। 2025 ਵਿੱਚ ਵਿਸਾਖੀ ਸਮਾਗਮ ਵਿੱਚ ਇਹ ਗਿਣਤੀ ਲਗਪਗ 1,000 ਹੋ ਗਈ, ਜਦਕਿ ਇਸ ਸਾਲ ਕਰੀਬ 2,500 ਲੋਕਾਂ ਨੇ ਸ਼ਮੂਲੀਅਤ ਕੀਤੀ।
ਮਨਪ੍ਰੀਤ ਦੀ ਪਹਿਲ ਸਿਰਫ਼ ਪੰਜਾਬੀ ਭਾਈਚਾਰੇ ਤੱਕ ਸੀਮਤ ਨਹੀਂ ਰਹੀ। ਉਸ ਦਾ ਮੰਨਣਾ ਹੈ ਕਿ ਵਿਸਾਖੀ ਵਰਗੇ ਸਮਾਗਮ ਵੱਖ-ਵੱਖ ਧਰਮਾਂ, ਭਾਸ਼ਾਵਾਂ ਅਤੇ ਪਿਛੋਕੜਾਂ ਵਾਲੇ ਲੋਕਾਂ ਨੂੰ ਇੱਕ ਮੰਚ ’ਤੇ ਲਿਆਉਣ ਦਾ ਮੌਕਾ ਹਨ।
ਸਟੈਂਪੀਡ ਪਰੇਡ ਵਿੱਚ ਵੀ ਉਸ ਨੇ ਪੰਜਾਬੀ ਭਾਈਚਾਰੇ ਦੀ ਹਾਜ਼ਰੀ ਦਰਜ ਕਰਵਾਈ। ਉਸ ਦੇ ਬੋਰਡ ਵਿੱਚ ਆਉਣ ਤੋਂ ਬਾਅਦ ਪਹਿਲੀ ਵਾਰ ਪੰਜਾਬੀ ਫਲੋਟ ਪਰੇਡ ਦਾ ਹਿੱਸਾ ਬਣਿਆ ਅਤੇ ਭੰਗੜਾ ਟੀਮ ਨੇ ਸੜਕਾਂ ’ਤੇ ਆਪਣੀ ਪੇਸ਼ਕਾਰੀ ਦਿੱਤੀ।
ਪਰਵਾਸੀ ਜੀਵਨ ਦੀਆਂ ਚੁਣੌਤੀਆਂ ਵੀ ਉਸ ਤੋਂ ਦੂਰ ਨਹੀਂ ਰਹੀਆਂ। ਸੋਸ਼ਲ ਮੀਡੀਆ ’ਤੇ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਮਨਪ੍ਰੀਤ ਕਹਿੰਦਾ ਹੈ ਕਿ ਵਿਲੀਅਮਜ਼ ਲੇਕ ਦਾ ਸਮੁੱਚਾ ਭਾਈਚਾਰਾ ਉਸ ਲਈ ਸਹਿਯੋਗੀ ਅਤੇ ਸਵਾਗਤੀ ਰਿਹਾ ਹੈ। ਉਸ ਦਾ ਸੰਦੇਸ਼ ਸਾਫ਼ ਹੈ—ਜਿੱਥੇ ਰਹਿੰਦੇ ਹਾਂ, ਉੱਥੋਂ ਸਿਰਫ਼ ਲੈਣਾ ਨਹੀਂ, ਸਗੋਂ ਭਾਈਚਾਰੇ ਨੂੰ ਕੁਝ ਵਾਪਸ ਦੇਣਾ ਵੀ ਸਾਡੀ ਜ਼ਿੰਮੇਵਾਰੀ ਹੈ।

