ਜਗਤਾਰ ਸਿੰਘ ਲਾਂਬਾ
ਜ਼ਿਲਾ ਗਾਜ਼ੀਆਬਾਦ (ਯੂ ਪੀ) ਤੋਂ ਲਾਪਤਾ ਹੋਏ ਚਾਰ ਨਾਬਾਲਗ ਬੱਚਿਆਂ ਨੂੰ ਅੰਮ੍ਰਿਤਸਰ ਦੀ ਪੁਲੀਸ ਨੇ ਬਰਾਮਦ ਕੀਤਾ ਹੈ ਅਤੇ ਗਾਜ਼ੀਆਬਾਦ ਪੁਲੀਸ ਨੂੰ ਸੌਂਪ ਦਿੱਤਾ। ਇਸ ਬਾਰੇ ਏ ਸੀ ਪੀ ਈਸਟ ਅਨੁਭਵ ਜੈਨ ਨੇ ਦੱਸਿਆ ਕਿ ਗਾਜ਼ੀਆਬਾਦ ਪੁਲੀਸ ਵੱਲੋਂ ਇਸ ਸਬੰਧ ਵਿੱਚ ਅੰਮ੍ਰਿਤਸਰ ਪੁਲੀਸ ਨੂੰ ਸੂਚਿਤ ਕੀਤਾ ਗਿਆ ਸੀ। ਗਾਜ਼ੀਆਬਾਦ ਪੁਲੀਸ ਵੱਲੋਂ ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਨੂੰ ਇਤਲਾਹ ਦਿੱਤੀ ਗਈ ਕਿ ਉਨ੍ਹਾਂ ਦੇ ਇਲਾਕੇ ਵਿੱਚੋਂ ਚਾਰ ਨਾਬਾਲਗ ਗਾਇਬ ਹੋਏ ਹਨ। ਇਨ੍ਹਾਂ ਗਾਇਬ ਹੋਏ ਨਾਬਾਲਗ ਬੱਚਿਆਂ ਦੀ ਅੰਮ੍ਰਿਤਸਰ ਵਿਚ ਹੋਣ ਦੀ ਸੰਭਾਵਨਾ ਹੈ, ਜਿਸ ’ਤੇ ਕਮਿਸ਼ਨਰੇਟ ਪੁਲੀਸ, ਅੰਮ੍ਰਿਤਸਰ ਵੱਲੋਂ ਕਾਰਵਾਈ ਕਰਦੇ ਹੋਏ ਵੱਖ ਵੱਖ ਪੁਲੀਸ ਟੀਮਾਂ ਬਣਾ ਕੇ ਬੱਚਿਆਂ ਦੀ ਭਾਲ ਸ਼ੁਰੂ ਕੀਤੀ। ਸਖ਼ਤ ਮਿਹਨਤ ਸਦਕਾ ਥਾਣਾ ਮੋਹਕਮਪੁਰਾ ਦੀ ਪੁਲੀਸ ਵੱਲੋਂ ਗਾਜ਼ੀਆਬਾਦ ਤੋਂ ਗਾਇਬ ਹੋਏ ਚਾਰ ਨਾਬਾਲਗਾਂ ਦੀ ਭਾਲ ਕਰਕੇ, ਇਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਬੱਚਿਆਂ ਕੋਲੋਂ ਕੀਤੀ ਪੁੱਛ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬੱਚਿਆਂ ਦੇ ਪਰਿਵਾਰ ਵਿੱਚ ਆਪਸੀ ਝਗੜਾ ਹੋਇਆ ਸੀ। ਝਗੜੇ ਤੋਂ ਬਾਅਦ ਪਰਿਵਾਰ ਨੇ ਇਨ੍ਹਾਂ ਨੂੰ ਆਪਸ ਵਿੱਚ ਮਿਲਣ ਤੋਂ ਰੋਕਿਆ ਸੀ, ਜਿਸ ਕਾਰਨ ਬੱਚੇ ਨਿਰਾਸ਼ ਸਨ ਤੇ ਉਹ ਆਪਸ ਵਿੱਚ ਮਿਲਣਾ ਚਾਹੁੰਦੇ ਸਨ। ਨਾਬਾਲਗਾਂ ਦੇ ਘਰ ਤੋਂ ਗਾਇਬ ਹੋਣ ਦੇ ਸਬੰਧ ਵਿੱਚ ਤਿੰਨ ਅਪਰੈਲ ਨੂੰ ਗਾਜ਼ੀਆਬਾਦ ਦੇ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਵੱਲੋਂ ਜਾਂਚ ਦੌਰਾਨ ਬੱਚਿਆਂ ਦੀ ਲੋਕੇਸ਼ਨ ਅੰਮ੍ਰਿਤਸਰ ਵਿੱਚ ਪਾਈ ਗਈ ਸੀ। ਬੱਚਿਆਂ ਦੇ ਮਾਪਿਆਂ ਨੇ ਅੰਮ੍ਰਿਤਸਰ ਪੁਲੀਸ ਦਾ ਇਸ ਸਹਿਯੋਗ ਲਈ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਬੱਚੇ ਅੰਸ਼ੂ, ਅੰਸ਼ਿਕਾ, ਖੁਸ਼ੀ ਅਤੇ ਕਾਜਲ ਦੇ ਘਰੋਂ ਲਾਪਤਾ ਹੋਣ ਸਬੰਧੀ ਗਾਜ਼ੀਆਬਾਦ ਦੇ ਨੰਦਗ੍ਰਾਮ ਥਾਣੇ ਵਿੱਚ 3 ਅਪਰੈਲ ਨੂੰ ਰਿਪੋਰਟ ਦਰਜ ਕਰਾਈ ਸੀ।

