ਦਸ ਕਿਲੋ ਹੈਰੋਇਨ ਤੇ ਪਿਸਤੌਲਾਂ ਸਣੇ ਚਾਰ ਗ੍ਰਿਫ਼ਤਾਰ
ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਗ਼ੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਵਾਲੇ ਦੋ ਵੱਖ-ਵੱਖ ਨੈੱਟਵਰਕਾਂ ਦਾ ਪਰਦਾਫਾਸ਼ ਕਰਕੇ ਚਾਰ ਮੁਲਜ਼ਮਾਂ ਨੂੰ 10 ਕਿਲੋ ਹੈਰੋਇਨ ਅਤੇ 10 ਨਾਜਾਇਜ਼ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਡੀ ਜੀ ਪੀ ਗੌਰਵ ਯਾਦਵ...
ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਗ਼ੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਵਾਲੇ ਦੋ ਵੱਖ-ਵੱਖ ਨੈੱਟਵਰਕਾਂ ਦਾ ਪਰਦਾਫਾਸ਼ ਕਰਕੇ ਚਾਰ ਮੁਲਜ਼ਮਾਂ ਨੂੰ 10 ਕਿਲੋ ਹੈਰੋਇਨ ਅਤੇ 10 ਨਾਜਾਇਜ਼ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਡੀ ਜੀ ਪੀ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਰਾਜਨਪ੍ਰੀਤ ਸਿੰਘ ਵਾਸੀ ਗੱਲੂਵਾਲ, ਵਿਜੈ ਵਾਸੀ ਘਰਿੰਡਾ, ਪਾਰਸਦੀਪ ਸਿੰਘ ਉਰਫ਼ ਬਿੱਲਾ ਵਾਸੀ ਕੰਬੋਆ ਅਤੇ ਗੁਰਮੁਖ ਸਿੰਘ ਉਰਫ਼ ਬੋਦੀ ਵਾਸੀ ਕਾਹਨਗੜ੍ਹ, ਅਟਾਰੀ ਵਜੋਂ ਹੋਈ ਹੈ।
ਡੀ ਜੀ ਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਦੇ ਤਾਰ ਕਥਿਤ ਤੌਰ ’ਤੇ ਵਿਦੇਸ਼ ਬੈਠੇ ਤਸਕਰਾਂ ਨਾਲ ਜੁੜੇ ਹੋਏ ਹਨ, ਜੋ ਨਾਜਾਇਜ਼ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਸਨ। ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਅਤੇ ਨੈੱਟਵਰਕ ਦੇ ਜੁੜੇ ਹੋਰ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।
ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਆਈ ਜੀ ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਹਿਲੇ ਅਪਰੇਸ਼ਨ ਦੌਰਾਨ ਗ਼ੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਬਾਰੇ ਠੋਸ ਸੂਚਨਾ ਮਿਲਣ ’ਤੇ ਕਾਰਵਾਈ ਕਰਦਿਆਂ ਥਾਣਾ ਘਰਿੰਡਾ ਨੇ ਰਾਜਨਪ੍ਰੀਤ ਸਿੰਘ ਅਤੇ ਵਿਜੈ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 10 ਨਾਜਾਇਜ਼ ਪਿਸਤੌਲ ਬਰਾਮਦ ਕੀਤੇ। ਦੂਜੇ ਅਪਰੇਸ਼ਨ ਵਿੱਚ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਨੈੱਟਵਰਕ ਬਾਰੇ ਮਿਲੀ ਪੁਖ਼ਤਾ ਜਾਣਕਾਰੀ ਦੇ ਆਧਾਰ ’ਤੇ ਥਾਣਾ ਘਰਿੰਡਾ ਦੀਆਂ ਟੀਮਾਂ ਨੇ ਪਾਰਸਦੀਪ ਸਿੰਘ ਉਰਫ਼ ਬਿੱਲਾ ਅਤੇ ਗੁਰਮੁਖ ਸਿੰਘ ਉਰਫ਼ ਬੋਦੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 10 ਕਿੱਲੋ ਹੈਰੋਇਨ ਬਰਾਮਦ ਕੀਤੀ। ਐੱਸ ਐੱਸ ਪੀ ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਘਰਿੰਡਾ ਵਿਖੇ ਦੋ ਵੱਖ-ਵੱਖ ਕੇਸ ਅਸਲਾ ਐਕਟ ਦੀ ਧਾਰਾ 25 ਤਹਿਤ ਅਤੇ ਐੱਨ ਡੀ ਪੀ ਐੱਸ ਐਕਟ ਦੀ ਧਾਰਾ 21 ਤਹਿਤ ਦਰਜ ਕੀਤੇ ਹਨ।

