ਰੰਗੀਲਪੁਰ ਦੇ ਸਾਬਕਾ ਸਰਪੰਚਾਂ ’ਤੇ ਪੰਜ ਕਰੋੜ ਦੇ ਘਪਲੇ ਦਾ ਦੋਸ਼
ਜਗਮੋਹਨ ਸਿੰਘ
ਰੂਪਨਗਰ, 4 ਜੂਨ
ਪਿੰਡ ਰੰਗੀਲਪੁਰ ਦੇ ਵਸਨੀਕਾਂ ਨੇ ਆਪਣੇ ਪਿੰਡ ਦੇ ਦੋ ਸਾਬਕਾ ਸਰਪੰਚਾਂ ’ਤੇ 5 ਕਰੋੜ ਰੁਪਏ ਤੋਂ ਵੱਧ ਰਕਮ ਦਾ ਘਪਲਾ ਕਰਨ ਦੇ ਦੋਸ਼ ਲਾਏ ਹਨ। ਪ੍ਰੈੱਸ ਕਲੱਬ ਰੂਪਨਗਰ ’ਚ ਚੋਣ ਟ੍ਰਿਬਿਊਨਲ ਵੱਲੋਂ ਸਰਪੰਚ ਐਲਾਨੇ ਜਗਮੋਹਨ ਸਿੰਘ, ਨੰਬਰਦਾਰ ਜਗਤਾਰ ਸਿੰਘ, ਨੰਬਰਦਾਰ ਸੁਰਿੰਦਰ ਕੁਮਾਰ, ਰਵਨੀਤ ਸਿੰਘ ਕੰਗ, ਧੀਰਜ ਕੁਮਾਰ, ਜਸਪਾਲ ਸਿੰਘ ਪੰਚ, ਹਿੰਮਤ ਸਿੰਘ, ਹਰਵਿੰਦਰ ਸਿੰਘ, ਜਸਬੀਰ ਸਿੰਘ, ਸੁਰਿੰਦਰ ਸਿੰਘ, ਦਵਿੰਦਰ ਸਿੰਘ, ਸਿਕੰਦਰ ਸਿੰਘ, ਨਰਿੰਦਰ ਸਿੰਘ, ਬਲਵੰਤ ਸਿੰਘ ਤੇ ਜੰਗਬੀਰ ਸਿੰਘ ਨੇ ਦੋਸ਼ ਲਗਾਇਆ ਕਿ ਸਾਬਕਾ ਸਰਪੰਚ ਸੁਨੀਲ ਕੁਮਾਰ ਅਤੇ ਕਮਲਜੀਤ ਕੌਰ ਨੇ ਸਾਲ 2008 ਤੋਂ ਲੈ ਕੇ 2018 ਤੱਕ ਪਿੰਡ ਦੇ ਵੱਖ-ਵੱਖ ਵਿਕਾਸ ਕਾਰਜਾਂ ਵਿੱਚ ਲਗਪਗ ਪੰਜ ਕਰੋੜ ਰੁਪਏ ਤੋਂ ਵੱਧ ਰਕਮ ਦਾ ਘਪਲਾ ਕੀਤਾ ਹੈ। ਉਨ੍ਹਾਂ ਸਬੂਤ ਵੱਜੋਂ ਦਸਤਾਵੇਜ਼ ਦਿਖਾਉਂਦਿਆਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਕੀਤੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਏਡੀਸੀ ਰੂਪਨਗਰ ਨੇ ਜਾਂਚ ਵਿੱਚ ਪਿੰਡ ਵਾਸੀਆਂ ਦੇ ਦੋਸ਼ਾਂ ਨੂੰ ਸਹੀ ਠਹਿਰਾਉਂਦੇ ਹੋਏ ਰਿਕਵਰੀ ਦੇ ਆਦੇਸ਼ ਜਾਰੀ ਕੀਤੇ ਸਨ ਪਰ ਚਾਰ ਸਾਲ ਬੀਤਣ ਦੇ ਬਾਵਜੂਦ ਹਾਲੇ ਤੱਕ ਨਾ ਤਾਂ ਕੋਈ ਰਿਕਵਰੀ ਦੀ ਰਕਮ ਹੋਈ ਅਤੇ ਨਾ ਹੀ ਸਬੰਧਤ ਵਿਭਾਗ ਵੱਲੋਂ ਘਪਲਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹੁਣ ਨਵੇਂ ਸਿਰਿਉਂ ਡੀਸੀ ਰੂਪਨਗਰ ਨੂੰ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਗਈ ਹੈ।
ਸਾਬਕਾ ਸਰਪੰਚਾਂ ਨੇ ਦੋਸ਼ ਨਕਾਰੇ
ਸਾਬਕਾ ਸਰਪੰਚ ਸੁਨੀਲ ਕੁਮਾਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਲੋਕਾਂ ਦੀ ਅਗਵਾਈ ਕਰਨ ਵਾਲੇ ਜਗਮੋਹਨ ਸਿੰਘ ਵੱਲੋਂ ਸਰਪੰਚੀ ਦਾ ਸੁਫ਼ਨਾ ਪੂਰਾ ਨਾ ਹੋਣ ਕਾਰਨ ਇਹ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਗਮੋਹਨ ਸਿੰਘ ਉਸ ਤੋਂ ਸਰਪੰਚੀ ਦੀ ਚੋਣ ਹਾਰ ਗਏ ਸਨ। ਕਮਲਜੀਤ ਕੌਰ ਨੇ ਵੀ ਦੋਸ਼ਾਂ ਨੂੰ ਬੇਬੁਨਿਆਦ ਤੇ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੱਤਾ।