ਕੁਰੂਕਸ਼ੇਤਰ ਦੇ ਸਾਬਕਾ ਸਰਪੰਚ ਵੱਲੋਂ ਪਟਿਆਲਾ ’ਚ ਖ਼ੁਦਕੁਸ਼ੀ
ਪੱਤਰ ਪ੍ਰੇਰਕ
ਪਟਿਆਲਾ, 19 ਜੂਨ
ਕੁਰੂਕਸ਼ੇਤਰ ਦੇ ਪਿੰਡ ਦੇ ਸਾਬਕਾ ਸਰਪੰਚ ਨੇ ਪਟਿਆਲਾ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਜੇਬ ਵਿੱਚੋਂ ਨੌਂ ਪੰਨਿਆਂ ਦਾ ਖ਼ੁਦਕੁਸ਼ੀ ਨੋਟ ਮਿਲਿਆ ਹੈ ਜਿਸ ਵਿੱਚ ਉਸ ਨੇ ਕੈਥਲ ਦੇ ਭਾਣਾ ਦੇ ਰੋਹਤਾਸ ਅਤੇ ਔਰਤ ਕਰਨੈਲੋ ਦੇਵੀ ’ਤੇ ਬਲੈਕਮੇਲ ਦੇ ਦੋਸ਼ ਲਾਏ ਹਨ। ਪੁਲੀਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਰੋਹਤਾਸ ਫ਼ਰਾਰ ਹੈ। ਮ੍ਰਿਤਕ ਦੀ ਪਛਾਣ ਬਲਜੀਤ ਸਿੰਘ (53) ਵਾਸੀ ਸਿਓਂਸਰ ਵਜੋਂ ਹੋਈ ਹੈ। ਉਸ ਦੇ ਭਰਾ ਰਾਜੇਸ਼ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਬਲਜੀਤ ਸਿੰਘ 16 ਜੂਨ ਨੂੰ ਕਾਰ ਲੈ ਕੇ ਪੰਜਾਬ ਦੇ ਸਮਾਣਾ ਵਿੱਚ ਆਪਣੇ ਦੋਸਤਾਂ ਨੂੰ ਮਿਲਣ ਗਿਆ ਸੀ। ਦੇਰ ਸ਼ਾਮ ਤੱਕ ਨਹੀਂ ਪਰਤਿਆ। ਅਗਲੀ ਸਵੇਰ ਪਟਿਆਲਾ ਪੁਲੀਸ ਤੋਂ ਸੂਚਨਾ ਮਿਲੀ ਕਿ ਉਸ ਨੇ ਖ਼ੁਦਕੁਸ਼ੀ ਕਰ ਲਈ ਹੈ। ਉਸ ਦੀ ਲਾਸ਼ ਥਾਣਾ ਜੁਲਕਾਂ ਦੇ ਖੇਤਰ ਵਿੱਚ ਗੁਥਮੜਾ ਪੈਲੇਸ ਨੇੜੇ ਦਰੱਖਤ ਨਾਲ ਲਟਕਦੀ ਮਿਲੀ ਹੈ। ਖ਼ੁਦਕੁਸ਼ੀ ਨੋਟ ਵਿੱਚ ਉਸ ਨੇ ਦੋਸ਼ ਲਾਇਆ ਕਿ ਔਰਤ ਲਗਾਤਾਰ ਉਸ ਤੋਂ ਹੋਰ ਪੈਸਿਆਂ ਦੀ ਮੰਗ ਕਰ ਰਹੀ ਸੀ, ਜਦਕਿ ਉਹ ਪੰਜ ਲੱਖ ਰੁਪਏ ਉਸ ਨੂੰ ਦੇ ਚੁੱਕਾ ਸੀ। ਘਟਨਾ ਤੋਂ ਪਹਿਲਾਂ ਬਲਜੀਤ ਸਿੰਘ ਨੇ ਆਪਣੇ ਭਰਾ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਸ ਦੇ ਇਸ ਔਰਤ ਨਾਲ ਕਥਿਤ ਨਾਜਾਇਜ਼ ਸਬੰਧ ਸਨ। ਔਰਤ ਨੇ ਉਸ ਦੀ ਇਤਰਾਜ਼ਯੋਗ ਵੀਡੀਓ ਤੇ ਤਸਵੀਰਾਂ ਬਣਾ ਲਈਆਂ ਸਨ। ਉਹ ਇਨ੍ਹਾਂ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਦੋ ਲੱਖ ਰੁਪਏ ਦੀ ਮੰਗ ਕਰ ਰਹੀ ਸੀ। ਇਸ ਵਿੱਚ ਰਾਜੇਸ਼ ਦਾ ਸਾਲਾ ਰੋਹਤਾਸ ਵੀ ਸ਼ਾਮਲ ਸੀ। ਪੁਲੀਸ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਵਾਂ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਕਰਨੈਲੋ ਦੇਵੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਰੋਹਤਾਸ ਦੀ ਭਾਲ ਜਾਰੀ ਹੈ।