ਪਾਲ ਸਿੰਘ ਨੌਲੀ
ਜਲੰਧਰ, 15 ਜੂਨ
ਪੰਜਾਬ ਪੁਲੀਸ ਦੇ ਸਾਬਕਾ ਡੀਸੀਪੀ ਬਲਕਾਰ ਸਿੰਘ ਅੱਜ ਇਥੇ ਆਮ ਆਦਮੀ ਪਾਰਟਂ ਵਿੱਚ ਸ਼ਾਮਲ ਹੋ ਗਏ। ਪਾਰਟੀ ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਦੇ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਬਲਕਾਰ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਸ੍ਰੀ ਚੱਢਾ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ ਆਮ ਆਦਮੀ ਪਾਰਟੀ ਨਾਲ ਜੁੜ ਰਿਹਾ ਹੈ। ਸ੍ਰੀ ਚੱਢਾ ਨੇ ਕਿਹਾ ਕਿ ਸਾਬਕਾ ਪੁਲੀਸ ਅਧਿਕਾਰੀ ਬਲਕਾਰ ਸਿੰਘ ਹੁਣ ਰਾਜਨੀਤੀ ਦੇ ਮੈਦਾਨ ‘ਚ ਸ਼ਾਨਦਾਰ ਸੇਵਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸੂਬੇ ਦੇ ਦੋ ਲੱਖ ਦਲਿਤ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਪਾ ਦਿੱਤਾ ਹੈ। ਸ੍ਰੀ ਬਲਕਾਰ ਸਿੰਘ ਨੇ ਕਿਹਾ ਕਿ ਉਹ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਵਿੱਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਲੀ ਵਿੱਚ ਕੀਤੇ ਵਿਕਾਸਮਈ ਕੰਮਾਂ ਅਤੇ ਨੀਤੀਆਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ। ਇਸ ਸਮੇਂ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ, ਹਰਮਿੰਦਰ ਬਖਸ਼ੀ, ਰਾਜਵਿੰਦਰ ਕੌਰ, ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਪ੍ਰਿੰਸੀਪਲ ਪ੍ਰੇਮ ਕੁਮਾਰ, ਡਾਕਟਰ ਸੰਜੀਵ ਸਰਮਾ, ਸੁਲੇਮਾਨ ਬਾਹਰੀ, ਪਰਦੀਪ ਦੁੱਗਲ, ਹਰਚਰਨ ਸਿੰਘ, ਬਲਬੀਰ, ਦਰਸ਼ਨ ਲਾਲ, ਸਰਵਜੀਤ, ਲੱਕੀ ਰੰਧਾਵਾ, ਰਮਨ, ਹਰਦਵਾਰੀ ਲਾਲ, ਸੰਜੀਵ ਭਗਤ ਹਾਜ਼ਰ ਸਨ।