ਦੇਹ ਵਪਾਰ ਮਾਮਲੇ 'ਚ ਰੂਪਨਗਰ ਪੁਲੀਸ ਵੱਲੋਂ ਸਾਬਕਾ MLA Amarjit Sandoa ਤਲਬ
ਵਿਧਾਨ ਸਭਾ ਹਲਕਾ ਰੂਪਨਗਰ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਰੂਪਨਗਰ ਦੇ ਡੀ ਐੱਸ ਪੀ ਦੀਪਇੰਦਰ ਸਿੰਘ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਦਰਜ ਹੋਏ ਇੱਕ ਦੇਹ ਵਪਾਰ ਦੇ ਕੇਸ ਵਿੱਚ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਰੂਪਨਗਰ ਪੁਲੀਸ ਨੇ...
ਸਾਬਕਾ ਵਿਧਾਇਕ ਸੰਦੋਆ ਨੂੰ ਰੂਪਨਗਰ ਦੇ ਡੀ ਐੱਸ ਪੀ ਦੀਪਇੰਦਰ ਸਿੰਘ ਵੱਲੋਂ 22 ਜੂਨ ਨੂੰ ਸਵੇਰੇ 11 ਵਜੇ ਆਪਣੇ ਦਫ਼ਤਰ ਵਿੱਚ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਥਾਣਾ ਸਦਰ ਰੂਪਨਗਰ ਦੇ ਐੱਸ ਐੱਚ ਓ ਦੀ ਡਿਊਟੀ ਲਗਾਈ ਗਈ ਹੈ। ਇਸ ਦੇ ਨਾਲ ਹੀ ਸ੍ਰੀ ਆਨੰਦਪੁਰ ਸਾਹਿਬ ਦੇ ਐੱਸ ਐੱਚ ਓ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ 17 ਫਰਵਰੀ 2026 ਨੂੰ ਦਰਜ ਹੋਈ ਐੱਫ ਆਈ ਆਰ ਨੰਬਰ 32 ਦਾ ਰਿਕਾਰਡ ਲੈ ਕੇ ਆਉਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਜਾਂਚ ਪ੍ਰਕਿਰਿਆ ਦਾ ਹਿੱਸਾ ਹੈ ਅਤੇ ਸਾਰੇ ਪੱਖਾਂ ਦੇ ਬਿਆਨ ਦਰਜ ਕਰਨ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਸਾਬਕਾ ਵਿਧਾਇਕ ਨੂੰ ਨੋਟਿਸ ਜਾਰੀ ਹੋਣ ਉਪਰੰਤ ਰਾਜਨੀਤਕ ਅਤੇ ਸਮਾਜਿਕ ਹਲਕਿਆਂ ਵਿੱਚ ਚਰਚਾਵਾਂ ਦਾ ਦੌਰ ਤੇਜ਼ ਹੋ ਗਿਆ ਹੈ।
ਉੱਥੇ ਹੀ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਦੋਸ਼ ਲਗਾਇਆ ਕਿ ਪੁਲੀਸ ਰੂਪਨਗਰ ਦੇ ਵਿਧਾਇਕ ਦੇ ਇਸ਼ਾਰਿਆਂ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਉਨ੍ਹਾਂ ਨੂੰ ਇੱਕ ਗਿਣੀ-ਮਿੱਥੀ ਸਾਜ਼ਿਸ਼ ਅਧੀਨ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਪੁਲੀਸ ਦਾ ਨੋਟਿਸ ਉਨ੍ਹਾਂ ਕੋਲ ਪੁੱਜਣ ਤੋਂ ਪਹਿਲਾਂ ਹੀ ਮੀਡੀਆ ਕੋਲ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸ੍ਰੀ ਆਨੰਦਪੁਰ ਸਾਹਿਬ ਦੇ ਸਬੰਧਤ ਹੋਟਲ ਨਾਲ ਬੇਬੁਨਿਆਦ ਤਰੀਕੇ ਨਾਲ ਨਾਮ ਜੋੜਿਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਉਸ ਹੋਟਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਜਿਸ ਸਬੰਧੀ ਉਹ ਨੂਰਪੁਰ ਬੇਦੀ ਦੇ ਪੀਰ ਬਾਬਾ ਜ਼ਿੰਦਾ ਸ਼ਹੀਦ ਜੀ ਦੇ ਅਸਥਾਨ 'ਤੇ ਸਹੁੰ ਚੁੱਕਣ ਲਈ ਵੀ ਤਿਆਰ ਹਨ।

