ਡਾਕੂਆਂ ਦੇ ਭੇਸ 'ਚ ਘੋੜੇ 'ਤੇ ਸਵਾਰ ਹੋ ਸਾਬਕਾ ਕੌਂਸਲਰ ਨੇ ਰੋਸ ਵਜੋਂ LPG ਸਿਲੰਡਰ ‘ਲੁੱਟਿਆ’
ਵਿਜੇ ਨੇ ਘਰੇਲੂ ਗੈਸ ਸਿਲੰਡਰਾਂ ਦੀ ਕਿੱਲਤ ਅਤੇ ਕਥਿਤ ਕਾਲਾਬਜ਼ਾਰੀ ਦੇ ਵਿਰੋਧ 'ਚ ਅਪਣਾਇਆ ਇਹ ਨਾਟਕੀ ਅੰਦਾਜ਼
ਬਠਿੰਡਾ ਵਿੱਚ ਸ਼ਨਿੱਚਰਵਾਰ ਨੂੰ ਇੱਕ ਅਜੀਬੋ-ਗਰੀਬ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿਸ ਨੇ ਸ਼ਹਿਰ ਵਾਸੀਆਂ ਨੂੰ ਹੈਰਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਮਨੋਰੰਜਨ ਵੀ ਕੀਤਾ। ਦਰਅਸਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਜੁੜਿਆ ਸਾਬਕਾ ਨਗਰ ਕੌਂਸਲਰ ਵਿਜੇ ਕੁਮਾਰ ਬਿਲਕੁਲ ਡਾਕੂਆਂ ਵਾਲੇ ਕੱਪੜੇ ਪਾ ਕੇ ਅਤੇ ਘੋੜੇ 'ਤੇ ਸਵਾਰ ਹੋ ਕੇ ਐੱਲ ਪੀ ਜੀ ਸਿਲੰਡਰ ਲੁੱਟਣ ਲਈ ਘੁੰਮਦਾ ਰਿਹਾ।
ਇਸ ਦੌਰਾਨ ਰਵਾਇਤੀ ਕਾਲੇ ਰੰਗ ਦੇ ਡਾਕੂਆਂ ਵਾਲੇ ਪਹਿਰਾਵੇ ਵਿੱਚ ਸਜੇ ਵਿਜੇ ਨੇ ਸਾਈਕਲ 'ਤੇ ਗੈਸ ਸਿਲੰਡਰ ਲੈ ਕੇ ਜਾ ਰਹੇ ਇੱਕ ਵਿਅਕਤੀ ਨੂੰ ਰੋਕਿਆ ਅਤੇ ਸ਼ਰੇਆਮ ਸਭ ਦੇ ਸਾਹਮਣੇ ਉਸ ਦਾ ਸਿਲੰਡਰ 'ਲੁੱਟ' ਲਿਆ। ਇਸ ਅਨੋਖੇ ਨਜ਼ਾਰੇ ਨੇ ਭੀੜ ਨੂੰ ਆਪਣੇ ਵੱਲ ਖਿੱਚਿਆ।
ਵਿਜੇ ਨੇ ਸਪਸ਼ਟ ਕੀਤਾ ਕਿ ਘਰੇਲੂ ਗੈਸ ਸਿਲੰਡਰਾਂ ਦੀ ਕਿੱਲਤ ਅਤੇ ਕਥਿਤ ਕਾਲਾਬਜ਼ਾਰੀ ਵਿਰੁੱਧ ਉਸ ਦਾ ਇਹ ਅੰਦਾਜ਼ ਸਿਰਫ਼ ਇੱਕ ਨਾਟਕੀ ਅਤੇ ਸੰਕੇਤਕ ਰੋਸ ਸੀ। ਉਹ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਐੱਲ ਪੀ ਜੀ ਸਿਲੰਡਰ ਹਾਸਲ ਕਰਨ ਵਿੱਚ ਅਸਮਰੱਥ ਰਿਹਾ ਹੈ। ਉਸ ਨੇ ਕਿਹਾ, "ਮੇਰੀ ਪਤਨੀ ਚੁਲ੍ਹੇ 'ਤੇ ਰੋਟੀਆਂ ਪਕਾਉਣ ਲਈ ਮਜ਼ਬੂਰ ਹੈ। ਗੈਸ ਏਜੰਸੀ 'ਤੇ ਅਜੇ ਤੱਕ ਮੇਰੀ ਸਿਲੰਡਰ ਦੀ ਵਾਰੀ ਨਹੀਂ ਆਈ। ਇਸ ਲਈ ਅੱਜ ਮੈਂ ਸਿਲੰਡਰ 'ਲੁੱਟ' ਲਿਆ'।
ਵਿਜੇ ਸੁਰਖੀਆਂ ਬਟੋਰਨ ਵਾਲੇ ਵਿਰੋਧ ਪ੍ਰਦਰਸ਼ਨਾਂ ਲਈ ਕੋਈ ਨਵਾਂ ਨਾਮ ਨਹੀਂ ਹੈ। ਹਾਲ ਹੀ ਵਿੱਚ, ਉਹ ਲਾੜੇ ਦੇ ਭੇਸ ਵਿੱਚ ਬੱਗੀ 'ਤੇ ਸਵਾਰ ਹੋ ਕੇ ਬੈਂਡ-ਵਾਜਿਆਂ ਦੇ ਨਾਲ ਬਠਿੰਡਾ ਦੇ ਕੈਨਾਲ ਕਾਲੋਨੀ ਪੁਲਿਸ ਸਟੇਸ਼ਨ ਵਿੱਚ ਸੂਬਾ ਸਰਕਾਰ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਪਹੁੰਚਿਆ ਸੀ। ਉਸ ਨੇ ਉਦੋਂ ਦਾਅਵਾ ਕੀਤਾ ਸੀ ਕਿ ਸੂਬਾ ਸਰਕਾਰ ਦੇ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਦੇਣ ਦੇ ਲੰਬੇ ਸਮੇਂ ਤੋਂ ਲਟਕ ਰਹੇ ਵਾਅਦੇ ਕਾਰਨ ਉਸ ਦਾ ਵਿਆਹ ਟੁੱਟ ਗਿਆ ਹੈ।

