ਭਾਰਦਵਾਜ ਅਤੇ ਜੈਨ ਵਿਰੁੱਧ ਜਾਂਚ ਸ਼ੁਰੂ ਕਰਨ ਲਈ ਰਸਮੀ ਪ੍ਰਵਾਨਗੀ ਮਿਲੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੂਨ
ਇਥੇ ਵੱਡੇ ਰਾਜਸੀ ਉਥਲ-ਪੁਥਲ ਵਿੱਚ ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ਏਸੀਬੀ) ਨੂੰ ਹਜ਼ਾਰਾਂ ਕਰੋੜਾਂ ਦੇ ਕਥਿਤ ਹਸਪਤਾਲ ਘੁਟਾਲੇ ਦੇ ਸਬੰਧ ਵਿੱਚ ਸਾਬਕਾ ਸਿਹਤ ਮੰਤਰੀ ਸਤਿੰਦਰ ਜੈਨ ਅਤੇ ਸੌਰਭ ਭਾਰਦਵਾਜ ਵਿਰੁੱਧ ਜਾਂਚ ਸ਼ੁਰੂ ਕਰਨ ਲਈ ਰਸਮੀ ਪ੍ਰਵਾਨਗੀ ਮਿਲ ਗਈ ਹੈ। ਉਪ ਰਾਜਪਾਲ ਵੀਕੇ ਸਕਸੈਨਾ ਦੀ ਸਿਫਾਰਸ਼ ਮਗਰੋਂ 6 ਮਈ ਨੂੰ ਜਾਂਚ ਨੂੰ ਹਰੀ ਝੰਡੀ ਦੇ ਦਿੱਤੀ ਗਈ ਸੀ। ਰਿਕਾਰਡਾਂ ਅਨੁਸਾਰ 2018-19 ਵਿੱਚ ਦਿੱਲੀ ਸਰਕਾਰ ਨੇ 24 ਹਸਪਤਾਲ ਪ੍ਰਾਜੈਕਟਾਂ ਲਈ 5,590 ਕਰੋੜ ਰੁਪਏ ਮਨਜ਼ੂਰ ਕੀਤੇ। ਫੰਡ ਮਿਲਣ ਦੇ ਬਾਵਜੂਦ, ਪ੍ਰਾਜੈਕਟਾਂ ’ਚ ਬਹੁਤ ਜ਼ਿਆਦਾ ਦੇਰੀ ਅਤੇ ਲਾਗਤ ਵਿੱਚ ਵਾਧਾ ਹੋਇਆ। ਸੱਤ ਆਈਸੀਯੂ ਹਸਪਤਾਲਾਂ (ਕੁੱਲ 6,800 ਬਿਸਤਰੇ) ਲਈ ਹੋਰ 1,125 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸਨ, ਪਰ ਤਿੰਨ ਸਾਲਾਂ ਬਾਅਦ ਸਿਰਫ਼ 50 ਫ਼ੀਸਦੀ ਕੰਮ ਪੂਰਾ ਹੋਇਆ ਸੀ ਜਦੋਂਕਿ 800 ਕਰੋੜ ਰੁਪਏ ਪਹਿਲਾਂ ਹੀ ਖਰਚ ਕੀਤੇ ਜਾ ਚੁੱਕੇ ਸਨ।
ਰਾਡਾਰ ’ਤੇ ਹਨ ਐਲਐਨਜੇਪੀ ਅਤੇ ਪੌਲੀਕਲੀਨਿਕ
ਜਾਂਚ ਅਧੀਨ ਪ੍ਰਾਜੈਕਟਾਂ ਵਿੱਚੋਂ ਐੱਲਐੱਨਜੇਪੀ ਹਸਪਤਾਲ ਦਾ ਵਿਸਥਾਰ ਵੀ ਹੈ, ਜਿਸ ਦਾ ਬਜਟ ਸ਼ੁਰੂ ਵਿੱਚ 465.52 ਕਰੋੜ ਰੁਪਏ ਸੀ, ਪਰ ਲਾਗਤ ਕਥਿਤ ਤੌਰ ’ਤੇ ਸਿਰਫ ਚਾਰ ਸਾਲਾਂ ਵਿੱਚ 1,125 ਕਰੋੜ ਰੁਪਏ ਤੋਂ ਵੀ ਵਧ ਗਈ। ਇਸ ਤੋਂ ਇਲਾਵਾ 94 ਸਹੂਲਤਾਂ ਵਾਲੇ ਇੱਕ ਪੌਲੀਕਲੀਨਿਕ ਵਿਕਾਸ ਪ੍ਰਾਜੈਕਟ ਅਤੇ 168.53 ਕਰੋੜ ਰੁਪਏ ਦੇ ਬਜਟ ਦੀ ਵੀ ਪ੍ਰਕਿਰਿਆਤਮਕ ਅਤੇ ਵਿੱਤੀ ਬੇਨਿਯਮੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਜਾਂਚ 22 ਅਗਸਤ, 2024 ਨੂੰ ਭਾਜਪਾ ਆਗੂ ਵਿਜੇਂਦਰ ਗੁਪਤਾ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ਤੋਂ ਸ਼ੁਰੂ ਹੋਈ ਹੈ, ਜਿਸ ਵਿੱਚ ਦੋ ‘ਆਪ’ ਆਗੂਆਂ ਦੇ ਕਾਰਜਕਾਲ ਦੌਰਾਨ ਦਿੱਲੀ ਸਿਹਤ ਵਿਭਾਗ ਵਿੱਚ ਭ੍ਰਿਸ਼ਟਾਚਾਰ ਅਤੇ ਕੁਪ੍ਰਬੰਧਨ ਦਾ ਦੋਸ਼ ਲਗਾਇਆ ਗਿਆ ਸੀ।