DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹੋਟਲ ਤੇ ਰੈਸਤਰਾਂ ’ਚ ਖਾਣਾ 20 ਫ਼ੀਸਦੀ ਤੱਕ ਹੋ ਸਕਦੈ ਮਹਿੰਗਾ

ਕਾਰੋਬਾਰੀਆਂ ਨੂੰ ਝਟਕਾ; ਚਾਰ ਮਹੀਨਿਆਂ ’ਚ ਕਮਰਸ਼ੀਅਲ ਸਿਲੰਡਰ 1380 ਰੁਪਏ ਮਹਿੰਗਾ

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਵਿੱਚ ਤੰਦੂਰ ’ਤੇ ਰੋਟੀਆਂ ਬਣਾਉਂਦਾ ਹੋਇਆ ਕਾਮਾ। -ਫੋਟੋ: ਮਹਾਜਨ
Advertisement
ਹੋਟਲਾਂ ਜਾਂ ਰੈਸਤਰਾਂ ਵਿੱਚ ਖਾਣਾ ਖਾਣ ਦੇ ਸ਼ੌਕੀਨਾਂ ਦੀ ਜੇਬ ’ਤੇ ਮਹਿੰਗਾਈ ਦੀ ਮਾਰ ਪੈਣ ਵਾਲੀ ਹੈ। ਵਪਾਰਕ ਐੱਲ ਪੀ ਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਤੋਂ ਪ੍ਰੇਸ਼ਾਨ ਹੋ ਕੇ ਪੰਜਾਬ ਹੋਟਲ ਐਂਡ ਰੈਸਤਰਾਂ ਐਸੋਸੀਏਸ਼ਨ ਨੇ ਖਾਣੇ ਦੇ ਰੇਟ ਵਧਾਉਣ ਦਾ ਫ਼ੈਸਲਾ ਕੀਤਾ ਹੈ। ਐਸੋਸੀਏਸ਼ਨ ਅਨੁਸਾਰ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਕਾਰਨ ਖਾਣਾ ਬਣਾਉਣ ਦੀ ਲਾਗਤ ਵਿੱਚ 15 ਤੋਂ 20 ਫ਼ੀਸਦੀ ਦਾ ਸਿੱਧਾ ਵਾਧਾ ਹੋਇਆ ਹੈ।

ਐਸੋਸੀਏਸ਼ਨ ਦੇ ਪ੍ਰਧਾਨ ਅਮਰਵੀਰ ਸਿੰਘ ਨੇ ਦੱਸਿਆ ਕਿ ਗੈਸ ਕੀਮਤਾਂ ਨੇ ਹੋਟਲ ਉਦਯੋਗ ਦੇ ਬਜਟ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਹ ਕਈ ਮਹੀਨਿਆਂ ਤੋਂ ਵਧਦੀ ਲਾਗਤ ਦਾ ਬੋਝ ਖ਼ੁਦ ਸਹਿ ਰਹੇ ਸਨ ਪਰ ਪਹਿਲੀ ਮਈ ਨੂੰ ਹੋਏ 993 ਰੁਪਏ ਦੇ ਰਿਕਾਰਡ ਵਾਧੇ ਨੇ ਹੋਟਲ ਮਾਲਕਾਂ ਦਾ ਲੱਕ ਤੋੜ ਦਿੱਤਾ ਹੈ। ਹੁਣ ਪੁਰਾਣੇ ਰੇਟਾਂ ’ਤੇ ਖਾਣਾ ਖਵਾਉਣਾ ਅਸੰਭਵ ਹੋ ਗਿਆ ਹੈ। ਸਿਰਫ਼ ਚਾਰ ਮਹੀਨਿਆਂ ਵਿੱਚ ਵਪਾਰੀਆਂ ’ਤੇ 1380 ਰੁਪਏ ਦਾ ਵਾਧੂ ਬੋਝ ਪਾਇਆ ਗਿਆ ਹੈ। ਇਸ ਫ਼ੈਸਲੇ ਦਾ ਸਭ ਤੋਂ ਵੱਧ ਅਸਰ ਮੱਧਵਰਗੀ ਪਰਿਵਾਰਾਂ ’ਤੇ ਪਵੇਗਾ। ਮਾਹਿਰਾਂ ਅਨੁਸਾਰ ਕੀਮਤਾਂ ਵਧਣ ਨਾਲ ਬਾਹਰ ਖਾਣਾ ਮਹਿੰਗਾ ਹੋਣ ਨਾਲ ਹੋਟਲ ਤੇ ਢਾਬਿਆਂ ਦੀ ਸਨਅਤ ’ਤੇ ਵੀ ਅਸਰ ਪਾਵੇਗਾ, ਕਿਉਂਕਿ ਲੋਕ ਮਹਿੰਗਾਈ ਕਾਰਨ ਜੇਕਰ ਬਾਹਰ ਨਿਕਲ ਕੇ ਖਾਣਾ ਘੱਟ ਕਰਨਗੇ ਤਾਂ ਉਨ੍ਹਾਂ ਦੇ ਕਾਰੋਬਾਰ ’ਤੇ ਇਸ ਦਾ ਸਿੱਧਾ ਅਸਰ ਪਵੇਗਾ। ਇਸ ਸਾਲ ਦੀ ਸ਼ੁਰੂਆਤ ਵਿੱਚ ਜਨਵਰੀ ਮਹੀਨੇ ’ਚ ਵਪਾਰਕ ਸਿਲੰਡਰ ਦਾ ਰੇਟ 111 ਰੁਪਏ ਵਧਿਆ ਸੀ, ਫਰਵਰੀ ਵਿੱਚ ਇਹ 49 ਰੁਪਏ ਵਧਿਆ। ਇਸ ਤੋਂ ਬਾਅਦ ਸਿਲੰਡਰ 1740 ਰੁਪਏ ਦਾ ਹੋ ਗਿਆ। ਮਾਰਚ ਮਹੀਨੇ ਵਿੱਚ ਫਿਰ 30 ਰੁਪਏ, 7 ਮਾਰਚ ਨੂੰ ਫਿਰ 115 ਰੁਪਏ ਵਧਣ ਤੋਂ ਬਾਅਦ ਸਿਲੰਡਰ 1883 ਰੁਪਏ ਦਾ ਹੋ ਗਿਆ। ਪਹਿਲੀ ਅਪਰੈਲ ਨੂੰ 195 ਰੁਪਏ ਵੱਧ ਗਏ ਤੇ ਸਿਲੰਡਰ 2078 ਰੁਪਏ ਦਾ ਹੋ ਗਿਆ ਤੇ ਪਹਿਲੀ ਮਈ ਨੂੰ ਤਾਂ ਸਿੱਧਾ 993 ਰੁਪਏ ਵਧਾ ਦਿੱਤੇ ਗਏ ਹਨ ਜਿਸ ਤੋਂ ਵਪਾਰਕ ਗੈਸ ਸਿਲੰਡਰ ਦਾ ਕੀਮਤ ਹੁਣ 3071 ਰੁਪਏ ਹੋ ਗਈ ਹੈ।

Advertisement

ਕੇਂਦਰੀ ਨੁਮਾਇੰਦਿਆਂ ਨੂੰ ਮਿਲੇਗਾ ਐਸੋਸੀਏਸ਼ਨ ਦਾ ਵਫ਼ਦ

ਹੋਟਲ ਐਸੋਸੀਏਸ਼ਨ ਦਾ ਉੱਚ ਪੱਧਰੀ ਵਫ਼ਦ ਸੋਮਵਾਰ ਨੂੰ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰੇਗਾ। ਮੀਟਿੰਗ ਵਿੱਚ ਵਪਾਰਕ ਗੈਸ ’ਤੇ ਸਬਸਿਡੀ ਦੇਣ ਜਾਂ ਕੀਮਤਾਂ ਘਟਾਉਣ ਦੀ ਮੰਗ ਰੱਖੀ ਜਾਵੇਗੀ। ਐਸੋਸੀਏਸ਼ਨ ਦੇ ਪ੍ਰਧਾਨ ਅਮਰਵੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਜੇ ਸਰਕਾਰ ਨੇ ਕੋਈ ਰਾਹਤ ਨਾ ਦਿੱਤੀ, ਤਾਂ ਅਗਲੇ ਹਫ਼ਤੇ ਦੇ ਅਖੀਰ ਤੋਂ ਪੂਰੇ ਪੰਜਾਬ ਦੇ ਲਗਪਗ 8,000 ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ ਵਿੱਚ ਨਵੇਂ ਰੇਟ ਕਾਰਡ ਲਾਗੂ ਕਰ ਦਿੱਤੇ ਜਾਣਗੇ।

Advertisement

Advertisement
×