ਪੰਜ ਮੈਂਬਰੀ ਕਮੇਟੀ ਨੇ ਅਕਾਲੀ ਦਲ ਦੀ ਭਰਤੀ ਮੁਹਿੰਮ 30 ਤੱਕ ਵਧਾਈ
ਰਵੇਲ ਸਿੰਘ ਭਿੰਡਰ
ਘੱਗਾ, 21 ਜੂਨ
ਅਕਾਲ ਤਖਤ ਤੋਂ ਹੋਏ ਹੁਕਮਨਾਮੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਚਲਾ ਰਹੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਮਨਪ੍ਰੀਤ ਇਯਾਲੀ ਨੇ ਕਿਹਾ ਕਿ ਇਹ ਭਰਤੀ ਮੁਹਿੰਮ ਹੁਣ 30 ਜੂਨ ਤੱਕ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਰਤੀ ਮੁਹਿੰਮ ਤਹਿਤ ਵੰਡੀਆਂ ਗਈਆਂ ਕਰੀਬ 27 ਲੱਖ ਕਾਪੀਆਂ ਵਿੱਚੋਂ ਪੰਜ ਮੈਂਬਰੀ ਕਮੇਟੀ ਨੂੰ ਹੁਣ ਤੱਕ ਛੇ ਲੱਖ ਕਾਪੀਆਂ ਵਾਪਸ ਮਿਲ ਗਈਆਂ ਹਨ। ਇਸ ਪੱਤਰਕਾਰ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਮਨਪ੍ਰੀਤ ਇਯਾਲੀ ਨੇ ਦੱਸਿਆ, ‘‘ਅਸੀਂ 27 ਲੱਖ ਦੇ ਕਰੀਬ ਕਾਪੀਆਂ ਭਰਤੀ ਮੁਹਿੰਮ ਤਹਿਤ ਵੰਡੀਆਂ ਸਨ ਜਿਸ ਵਿਚੋਂ ਛੇ ਲੱਖ ਕਾਪੀਆਂ ਵਾਪਸ ਪ੍ਰਾਪਤ ਹੋਈਆਂ ਹਨ।’’ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਫ਼ੀ ਤੇਜ਼ੀ ਨਾਲ ਭਰਤੀ ਮੁਹਿੰਮ ਮੁਕੰਮਲ ਹੋ ਰਹੀ ਹੈ।
ਮਨਪ੍ਰੀਤ ਇਯਾਲੀ ਨੇ ਦੱਸਿਆ, ‘‘ਅਸੀਂ 18 ਮਾਰਚ ਤੋਂ ਭਰਤੀ ਮੁਹਿੰਮ ਸ਼ੁਰੂ ਕੀਤੀ ਸੀ ਤੇ ਛੇ ਮਹੀਨੇ ਦੇ ਸਮੇਂ ਮੁਤਾਬਕ ਸਾਡਾ ਸਤੰਬਰ ਮਹੀਨੇ ਤੱਕ ਦਾ ਸਮਾਂ ਬਣਦਾ ਹੈ ਪਰ ਅਸੀਂ ਜਲਦੀ ਹੀ ਜਥੇਬੰਦਕ ਢਾਂਚਾ ਖੜ੍ਹਾ ਕਰ ਦਿਆਂਗੇ।’’ ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਵਿਚ ਹੀ ਇਹ ਢਾਂਚਾ ਖੜ੍ਹਾ ਹੋ ਜਾਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ, ‘‘ਅਸੀਂ ਸਾਰੀ ਭਰਤੀ ਦਾ ਰਿਕਾਰਡ ਆਪਣੇ ਕੋਲ ਸੰਭਾਲ ਰਹੇ ਹਾਂ ਜੋ ਕਿਸੇ ਵੀ ਸਮੇਂ ਚੈੱਕ ਕੀਤਾ ਜਾ ਸਕਦਾ ਹੈ।’’