ਪੁਲੀਸ ਨੇ ਮੁਕਾਬਲੇ ਮਗਰੋਂ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 150 ਗ੍ਰਾਮ ਹੈਰੋਇਨ, .32 ਬੋਰ ਪਿਸਤੌਲ, ਪੰਜ ਕਾਰਤੂਸ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ। ਰੂਪਨਗਰ ਦੇ ਐੱਸ ਐੱਸ ਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਖੁਫ਼ੀਆ ਸੂਚਨਾ ਮਿਲੀ ਸੀ ਕਿ ਕੁਝ ਨਸ਼ਾ ਤਸਕਰ ਚਿੱਟੇ ਰੰਗ ਦੀ ਕਾਰ ਰਾਹੀਂ ਨੰਗਲ ਵੱਲ ਜਾ ਰਹੇ ਹਨ।
ਸੂਚਨਾ ਮਿਲਣ ’ਤੇ ਪੁਲੀਸ ਚੌਕੀ ਨਯਾ ਨੰਗਲ ਦੀ ਟੀਮ ਵੱਲੋਂ ਤੁਰੰਤ ਨਾਕਾਬੰਦੀ ਕਰ ਕੇ ਚੈਕਿੰਗ ਸ਼ੁਰੂ ਕੀਤੀ ਗਈ। ਜਦੋਂ ਸ਼ੱਕੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਤਾਂ ਕਾਰ ਸਵਾਰਾਂ ਨੇ ਪੁਲੀਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫ਼ਰਾਰ ਹੋ ਗਏ। ਪੁਲੀਸ ਟੀਮ ਨੇ ਲਗਪਗ ਦਸ ਕਿਲੋਮੀਟਰ ਤੱਕ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਪਿੰਡ ਬ੍ਰਹਮਪੁਰਾ ਨੇੜੇ ਕਾਰ ਨੂੰ ਘੇਰ ਲਿਆ। ਉਨ੍ਹਾਂ ਦੱਸਿਆ ਕਿ ਘੇਰਾਬੰਦੀ ਦੌਰਾਨ ਇੱਕ ਮੁਲਜ਼ਮ ਨੇ ਪੁਲੀਸ ’ਤੇ ਮੁੜ ਫ਼ਾਇਰਿੰਗ ਕਰ ਦਿੱਤੀ।
ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਗੋਲੀ ਲੱਗਣ ਕਾਰਨ ਮੁਲਜ਼ਮ ਲਵਪ੍ਰੀਤ ਸਿੰਘ ਵਾਸੀ ਜੰਗਪੁਰਾ, ਮੁਹਾਲੀ ਜ਼ਖ਼ਮੀ ਹੋ ਗਿਆ। ਉਸ ਨੂੰ ਫੌਰੀ ਕਾਬੂ ਕਰ ਕੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਲਵਪ੍ਰੀਤ ਸਿੰਘ ਤੋਂ ਇਲਾਵਾ ਬਾਕੀ ਮੁਲਜ਼ਮਾਂ ਦੀ ਪਛਾਣ ਰੋਹਿਤ ਵਾਸੀ ਹਿਸਾਰ, ਸ਼ੁਭਮ ਵਾਸੀ ਜੀਂਦ, ਪ੍ਰੀਕਸ਼ਿਤ ਵਾਸੀ ਸੋਨੀਪਤ ਅਤੇ ਲੇਹਮਸਤਕ ਪ੍ਰਤਾਪ ਸਿੰਘ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 150 ਗ੍ਰਾਮ ਹੈਰੋਇਨ, ਇੱਕ .32 ਬੋਰ ਪਿਸਤੌਲ ਸਮੇਤ ਪੰਜ ਕਾਰਤੂਸ ਅਤੇ ਇੱਕ ਹੁੰਡਈ ਐਕਸੈਂਟ ਕਾਰ ਬਰਾਮਦ ਕੀਤੀ ਗਈ ਹੈ। ਪੁਲੀਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

