'ਛੱਤ ਤੁਹਾਡੀ, ਜ਼ਿੰਮੇਵਾਰੀ ਸਾਡੀ' ਮਿਸ਼ਨ ਦਾ ਪਹਿਲਾ ਪੜਾਅ ਮੁਕੰਮਲ; ਹੜ੍ਹ ਪੀੜਤਾਂ ਲਈ ਬਣੇ 180 ਨਵੇਂ ਘਰ: ਸੋਨੂੰ ਸੂਦ
ਫ਼ਿਲਹਾਲ ਸਿਆਸਤ ਵਿੱਚ ਆਉਣ ਦਾ ਮੇਰਾ ਕੋਈ ਇਰਾਦਾ ਨਹੀਂ: ਸੂਦ
ਮੋਗਾ ਵਿੱਚ ਆਪਣੇ ਜੱਦੀ ਘਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਦਾਕਾਰ ਸੋਨੂੰ ਸੂਦ ਨੇ ਦੱਸਿਆ ਕਿ ਉਨ੍ਹਾਂ ਨੇ ਹੜ੍ਹਾਂ ਤੋਂ ਪ੍ਰਭਾਵਿਤ ਲੋੜਵੰਦ ਲੋਕਾਂ ਨੂੰ ਘਰ ਬਣਾ ਕੇ ਦੇਣ ਦਾ ਮਿਸ਼ਨ ਸ਼ੁਰੂ ਕੀਤਾ ਸੀ, ਜਿਸ ਤਹਿਤ 257 ਲੋੜਵੰਦਾਂ ਦੀ ਚੋਣ ਕੀਤੀ ਗਈ ਸੀ। ਇਨ੍ਹਾਂ ਵਿੱਚੋਂ 180 ਨਵੇਂ ਘਰ ਬਣਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਘਰਾਂ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਚਾਨਕ ਵਾਪਰੀ ਕਿਸੇ ਬਿਪਤਾ ਵੇਲੇ ਫੋਕੀ ਹਮਦਰਦੀ ਜ਼ਾਹਰ ਕਰਨ ਲਈ ਸਿਆਸੀ ਧਿਰਾਂ ਦਾ ਸਬੰਧਤ ਜਗ੍ਹਾ ਉੱਤੇ ਜਮਘਟਾ ਲੱਗ ਜਾਂਦਾ ਹੈ, ਪਰ ਜਦੋਂ ਪ੍ਰਭਾਵਿਤ ਲੋਕਾਂ ਦੇ ਦਿਨ ਆਮ ਵਰਗੇ ਹੋਣ ਲੱਗਦੇ ਹਨ, ਤਾਂ ਕੋਈ ਵੀ ਉਨ੍ਹਾਂ ਨਾਲ ਖੜ੍ਹਨਾ ਨਹੀਂ ਚਾਹੁੰਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਿਪਤਾ ਚਲੇ ਜਾਣ ਤੋਂ ਬਾਅਦ ਵੀ ਲੋੜਵੰਦਾਂ ਦੇ ਨਾਲ ਖੜ੍ਹੇ ਰਹਿਣਾ ਬੇਹੱਦ ਜ਼ਰੂਰੀ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਇਨਸਾਨੀਅਤ ਦੀ ਕੋਈ ਜਾਤ ਅਤੇ ਧਰਮ ਨਹੀਂ ਹੁੰਦਾ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਮੋਗਾ ਨਾਲ ਉਨ੍ਹਾਂ ਦਾ ਅਤੇ ਸੂਦ ਪਰਿਵਾਰ ਦਾ ਦਿਲੋਂ ਡੂੰਘਾ ਰਿਸ਼ਤਾ ਹੈ ਅਤੇ ਮੋਗਾ ਦੇ ਲੋਕ ਵੀ ਉਨ੍ਹਾਂ ਨੂੰ ਢੇਰ ਸਾਰਾ ਪਿਆਰ ਦਿੰਦੇ ਹਨ।
ਸੋਨੂੰ ਸੂਦ ਨੇ ਸਪਸ਼ਟ ਕੀਤਾ ਕਿ ਫ਼ਿਲਹਾਲ ਉਨ੍ਹਾਂ ਦਾ ਸਿਆਸਤ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਇੱਕ ਸਫ਼ਲ ਸਿਆਸਤਦਾਨ ਬਣ ਚੁੱਕੀ ਹੈ ਅਤੇ ਹਲਕੇ ਦੇ ਲੋਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ।
ਇਸ ਮੌਕੇ ਮਾਲਵਿਕਾ ਸੂਦ ਸੱਚਰ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਸੱਚੇ-ਸੁੱਚੇ ਸਿਪਾਹੀ ਹਨ ਅਤੇ ਉਨ੍ਹਾਂ ਵਿਰੁੱਧ ਭਾਜਪਾ ਵਿੱਚ ਸ਼ਾਮਲ ਹੋਣ ਸਬੰਧੀ ਕੀਤਾ ਜਾ ਰਿਹਾ ਪ੍ਰਚਾਰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਗ਼ਲਤ ਹੈ। ਮੋਗਾ ਦੀ ਸਥਾਨਕ ਕਾਂਗਰਸ ਲੀਡਰਸ਼ਿਪ ਵੱਲੋਂ ਕੀਤੇ ਜਾ ਰਹੇ ਵਿਰੋਧ ਸਬੰਧੀ ਮਾਲਵਿਕਾ ਨੇ ਕਿਹਾ ਕਿ ਵਿਰੋਧ ਹਮੇਸ਼ਾ ਵਿਕਾਸ ਨੂੰ ਜਨਮ ਦਿੰਦਾ ਹੈ।
