ਕੀਰਤਪੁਰ ਸਾਹਿਬ ’ਚ ਹੋਲੇ ਮਹੱਲੇ ਦਾ ਪਹਿਲਾ ਪੜਾਅ ਸਮਾਪਤ
ਆਨੰਦਪੁਰ ਸਾਹਿਬ ’ਚ ਦੂਜਾ ਪਡ਼ਾਅ ਅੱਜ ਤੋਂ; ਸਿੱਖ ਆਪਣੇ ਘਰਾਂ ’ਚ ਰਵਾਇਤੀ ਸ਼ਸਤਰ ਰੱਖਣ: ਜਥੇਦਾਰ
ਬੀ ਐੱਸ ਚਾਨਾ
ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਛੇ ਰੋਜ਼ਾ ਕੌਮੀ ਤਿਉਹਾਰ ਹੋਲਾ ਮਹੱਲਾ ਦਾ ਪਹਿਲਾ ਪੜਾਅ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿੱਚ ਅਖੰਡ ਪਾਠ ਦੇ ਭੋਗ ਮਗਰੋਂ ਸਮਾਪਤ ਹੋ ਗਿਆ। ਸਮਾਪਤੀ ਸਮਾਗਮ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਬੋਧਨ ਕੀਤਾ ਅਤੇ ਹੋਲਾ ਮਹੱਲਾ ਦੀ ਵਧਾਈ ਦਿੱਤੀ। ਉਨ੍ਹਾਂ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੋਲਾ ਮਹੱਲਾ ਸਿੱਖ ਕੌਮ ਦੀ ਵਿਲੱਖਣ ਪਛਾਣ ਅਤੇ ਖਾਲਸਾਈ ਸ਼ਾਨ ਦਾ ਪ੍ਰਤੀਕ ਹੈ।
ਉਨ੍ਹਾਂ ਸੱਦਾ ਦਿੱਤਾ ਕਿ ਸੰਗਤ ਸ਼ਰਧਾ ਅਤੇ ਮਰਿਆਦਾ ਸਹਿਤ ਆਨੰਦਪੁਰ ਸਾਹਿਬ ਪਹੁੰਚ ਕੇ ਗੁਰੂ ਘਰਾਂ ਵਿੱਚ ਨਤਮਸਤਕ ਹੋਵੇ। ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖਾਂ ਲਈ ਕਿਰਪਾਨ ਸਿਰਫ਼ ਰਵਾਇਤੀ ਹਥਿਆਰ ਨਹੀਂ, ਸਗੋਂ ਗੁਰੂ ਦਾ ਹੁਕਮ ਅਤੇ ਖਾਲਸਾਈ ਪਛਾਣ ਦਾ ਅਟੁੱਟ ਅੰਗ ਹੈ। ਉਨ੍ਹਾਂ ਅਪੀਲ ਕੀਤੀ ਕਿ ਹਰ ਸਿੱਖ ਆਪਣੇ ਘਰ ਵਿੱਚ ਰਵਾਇਤੀ ਸ਼ਸਤਰ ਜ਼ਰੂਰ ਰੱਖੇ। ਉਨ੍ਹਾਂ ਕਿਹਾ ਕਿ ਨੌਜਵਾਨ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਤੋਂ ਗੁਰੇਜ਼ ਕਰਨ। ਇਸ ਮੌਕੇ ਸ਼੍ੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ, ਐਗਜ਼ੈਕਟਿਵ ਮੈਂਬਰ ਦਲਜੀਤ ਸਿੰਘ ਭਿੰਡਰ, ਮੈਨੇਜਰ ਮਲਕੀਤ ਸਿੰਘ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਮੈਨੇਜਰ ਅਮਰਜੀਤ ਸਿੰਘ ਜਿੰਦਬੜੀ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਹੋਲਾ ਮਹੱਲਾ ਦਾ ਦੂਜਾ ਪੜਾਅ ਭਲਕੇ 2 ਮਾਰਚ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗਾ, ਜਿੱਥੇ ਅਖੰਡ ਪਾਠ ਆਰੰਭ ਕੀਤੇ ਜਾਣਗੇ ਅਤੇ 4 ਮਾਰਚ ਨੂੰ ਆਨੰਦਪੁਰ ਸਾਹਿਬ ਵਿੱਚ ਮਹੱਲਾ ਸਜਾਇਆ ਜਾਵੇਗਾ। ਦੂਜੇ ਪਾਸੇ ਹੋਲਾ ਮਹੱਲਾ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਵੱਡੀ ਗਿਣਤੀ ਸੰਗਤ ਗੁਰੂ ਘਰਾਂ ਵਿੱਚ ਨਤਮਸਤਕ ਹੋਣ ਪੁੱਜ ਰਹੀ ਹੈ।
ਕੌਮਾਂਤਰੀ ਗਤਕਾ ਮੁਕਾਬਲੇ ਅੱਜ ਤੋਂ
ਸ਼੍ੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਹੇਠ ਇਸ ਵਾਰ ਵੀ ਛਾਉਣੀ ਨਿਹੰਗ ਸਿੰਘਾਂ ਵਿੱਚ ਦੋ ਰੋਜ਼ਾ ਕੌਮਾਂਤਰੀ ਗਤਕਾ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਦੀ ਸ਼ੁਰੂਆਤ ਦੋ ਮਾਰਚ ਨੂੰ ਹੋਵੇਗੀ।
ਨਿਰਮਲ ਭੇਖ ਵੱਲੋਂ ਨਗਰ ਕੀਰਤਨ ਅੱਜ
ਆਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਦੀ ਸ਼ੁਰੂਆਤ ਮੌਕੇ ਸੋਮਵਾਰ ਨੂੰ ਨਿਰਮਲ ਭੇਖ ਵੱਲੋਂ ਸੰਤ ਪ੍ਰੀਤਮ ਸਿੰਘ ਡੁਮੇਲੀ ਵਾਲਿਆਂ ਅਤੇ ਬਾਬਾ ਕਰਮਜੀਤ ਸਿੰਘ ਟਿੱਬਾ ਸਾਹਿਬ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਜਾਵੇਗਾ।

