Firozpur: DAV ਕਾਲਜ ਦੀ ਅਧਿਆਪਕ ਵੱਲੋਂ ਪੰਜਾਬੀ ਭਾਸ਼ਾ ਲਈ ਪਹਿਲਾ AI ਅਧਾਰਿਤ ‘ਗਰਾਮਰ ਚੈੱਕਰ’ ਤਿਆਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਪੰਜਾਬੀ ਕੰਪਿਊਟਰਕਾਰੀ ਦੇ ਖੇਤਰ ਵਿੱਚ ਇੱਕ ਵੱਡੀ ਅਤੇ ਇਤਿਹਾਸਕ ਸਫ਼ਲਤਾ ਹਾਸਲ ਕੀਤੀ ਹੈ। ਡੀਏਵੀ ਕਾਲਜ ਫਿਰੋਜ਼ਪੁਰ ਦੀ ਅਧਿਆਪਕ ਅਤੇ ਵਿਭਾਗ ਦੀ ਖੋਜਾਰਥਨ ਜਗਦੀਸ਼ ਕੌਰ ਨੇ ਡਾ. ਸੀ ਪੀ ਕੰਬੋਜ ਦੀ ਨਿਗਰਾਨੀ ਹੇਠ...
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਪੰਜਾਬੀ ਕੰਪਿਊਟਰਕਾਰੀ ਦੇ ਖੇਤਰ ਵਿੱਚ ਇੱਕ ਵੱਡੀ ਅਤੇ ਇਤਿਹਾਸਕ ਸਫ਼ਲਤਾ ਹਾਸਲ ਕੀਤੀ ਹੈ। ਡੀਏਵੀ ਕਾਲਜ ਫਿਰੋਜ਼ਪੁਰ ਦੀ ਅਧਿਆਪਕ ਅਤੇ ਵਿਭਾਗ ਦੀ ਖੋਜਾਰਥਨ ਜਗਦੀਸ਼ ਕੌਰ ਨੇ ਡਾ. ਸੀ ਪੀ ਕੰਬੋਜ ਦੀ ਨਿਗਰਾਨੀ ਹੇਠ ਆਪਣਾ ਪੀਐੱਚ-ਡੀ ਦਾ ਖੋਜ ਕਾਰਜ ਸਫਲਤਾਪੂਰਵਕ ਪੂਰਾ ਕਰ ਕੀਤਾ ਹੈ। ਉਹਨਾਂ ਨੇ ਮਸ਼ੀਨੀ ਬੁੱਧੀ ਅਤੇ ਡੀਪ ਲਰਨਿੰਗ ਤਕਨੀਕ 'ਤੇ ਅਧਾਰਿਤ ਪੰਜਾਬੀ ਭਾਸ਼ਾ ਦਾ ਪਹਿਲਾ ‘ਸੁਧਾਰਕ’ ਨਾਮ ਦਾ ਵਿਆਕਰਨ ਸ਼ੁੱਧਤਾ ਸਾਫਟਵੇਅਰ ਵਿਕਸਿਤ ਕੀਤਾ ਹੈ। ਹੁਣ ਤੱਕ ਦੁਨੀਆ ਦੀਆਂ ਵੱਡੀਆਂ ਵਿਦੇਸ਼ੀ ਭਾਸ਼ਾਵਾਂ ਲਈ ਤਾਂ ਡੀਪ ਲਰਨਿੰਗ ਅਧਾਰਿਤ ਗਰਾਮਰ ਚੈੱਕਰ ਉਪਲੱਬਧ ਸਨ ਪਰ ਪੰਜਾਬੀ ਭਾਸ਼ਾ ਇਸ ਖੇਤਰ ਵਿੱਚ ਪਿੱਛੇ ਸੀ।
ਪਹਿਲਾਂ ਤੋਂ ਮੌਜੂਦ ਸਾਫ਼ਟਵੇਅਰ ਨਿਯਮ-ਅਧਾਰਿਤ ਜਾਂ ਅੰਕੜਾ ਅਧਾਰਿਤ ਸਨ ਜਿਨ੍ਹਾਂ ਵਿੱਚ ਗੁੰਝਲਦਾਰ ਵਾਕਾਂ ਦੀਆਂ ਵਿਆਕਰਨਿਕ ਗ਼ਲਤੀਆਂ ਫੜਨ ਦੀ ਸਮਰੱਥਾ ਨਹੀਂ ਸੀ। ਖੋਜਕਾਰ ਨੇ ਇਸ ਚੁਨੌਤੀ ਨੂੰ ਸਵੀਕਾਰ ਕਰਦਿਆਂ 'ਐੱਮਟੀ-5 ਟਰਾਂਸਫ਼ਾਰਮਰ ਮਾਡਲ' ਨੂੰ ਫਾਈਨ-ਟਿਊਨ ਕਰਕੇ ਇਹ ਆਧੁਨਿਕ ਸਿਸਟਮ ਤਿਆਰ ਕੀਤਾ ਹੈ, ਜੋ ਭਾਸ਼ਾ ਦੇ ਗੁੰਝਲਦਾਰ ਪੈਟਰਨਾਂ ਨੂੰ ਆਸਾਨੀ ਨਾਲ ਸਮਝ ਸਕਦਾ ਹੈ। ਇਹ ‘ਸੁਧਾਰਕ’ ਸਿਸਟਮ ਪੂਰੇ ਵਾਕ ਦੇ ਪੱਧਰ 'ਤੇ ਵਿਆਕਰਨਿਕ ਗ਼ਲਤੀਆਂ ਅਤੇ ਸ਼ਬਦਾਂ ਦੇ ਪੱਧਰ 'ਤੇ ਸ਼ਬਦ-ਜੋੜਾਂ ਨੂੰ ਸੁਧਾਰ ਸਕਦਾ ਹੈ। ਇਹ ਵਾਕਾਂ ਵਿੱਚ ਸਹਾਇਕ ਕਿਰਿਆ, ਮੁੱਖ ਕਿਰਿਆ, ਸਬੰਧਕ, ਪੜਨਾਂਵ, ਵਿਸ਼ੇਸ਼ਣ-ਨਾਂਵ ਦੇ ਮੇਲ ਅਤੇ ਵਾਕ ਵਿੱਚ ਸ਼ਬਦਾਂ ਦੀ ਤਰਤੀਬ ਵਰਗੀਆਂ ਗ਼ਲਤੀਆਂ ਨੂੰ ਸਹੀ ਕਰ ਸਕਦਾ ਹੈ।
ਇਸ ਵਿੱਚ ਡੀਪ ਲਰਨਿੰਗ ਅਧਾਰਿਤ ਸਪੈੱਲ ਚੈੱਕਰ ਦੇ ਨਾਲ-ਨਾਲ ਇੱਕ ਵਿਸ਼ੇਸ਼ 'ਪੋਸਟ-ਪ੍ਰੋਸੈਸਿੰਗ ਵਿਉਂਤ' ਲਗਾਈ ਗਈ ਹੈ, ਜੋ ਲਿੰਗ-ਵਚਨ ਅਤੇ ਕਰਤਾ-ਕਿਰਿਆ ਦੇ ਮੇਲ ਦੀਆਂ ਬਾਰੀਕੀਆਂ ਨੂੰ ਸੁਧਾਰ ਕੇ ਉਸ ਦਾ ਕਾਰਨ ਵੀ ਦੱਸਦੀ ਹੈ। ਇਹ ਸਿਸਟਮ ਪੰਜਾਬੀ ਦੀਆਂ ਪ੍ਰਚਲਿਤ ਲਗਾਂ-ਮਾਤਰਾਂ ਜਿਵੇਂ ਅੱਧਕ, ਟਿੱਪੀ, ਨੁਕਤਾ, ਹਲੰਤ ਅਤੇ ਹੋਰ ਟਾਈਪਿੰਗ ਦੀਆਂ ਗ਼ਲਤੀਆਂ ਨੂੰ ਵੀ ਸ਼ੁੱਧ ਕਰਦਾ ਹੈ। ਇਹ ਨਵਾਂ ਏਆਈ ਮਾਡਲ ਪਹਿਲਾਂ ਤੋਂ ਮੌਜੂਦ ਨਿਯਮ ਅਧਾਰਿਤ ਸਿਸਟਮਾਂ ਨਾਲੋਂ ਕਿਤੇ ਵੱਧ ਸ਼ੁੱਧਤਾ ਦੇ ਨਤੀਜੇ ਦਿਖਾਉਂਦਾ ਹੈ। ਇਸ ਦੀ ਕਾਰਗੁਜ਼ਾਰੀ ਅਜੋਕੇ ਪ੍ਰਸਿੱਧ ਏਆਈ ਮਾਡਲਾਂ ਜਿਵੇਂ ਕਿ ਚੈਟ-ਜੀਪੀਟੀ ਅਤੇ ਜੈਮਨੀ ਦੇ ਬਰਾਬਰ ਦੀ ਹੈ।
ਖੋਜਾਰਥਨ ਨੇ ਇਸ ਪ੍ਰੋਜੈਕਟ ਦੇ ਨਾਲ-ਨਾਲ ਡਾਟਾ ਸਾਫ਼ ਕਰਨ ਵਾਲਾ ‘ਟੈਕਸਟ ਕਲੀਨਿੰਗ ਟੂਲ’ ਅਤੇ ਗ਼ਲਤੀਆਂ ਪੈਦਾ ਕਰਨ ਵਾਲਾ ‘ਐਰਰ ਇੰਜੈੱਕਸ਼ਨ ਟੂਲ’ ਵੀ ਵਿਕਸਿਤ ਕੀਤਾ ਹੈ, ਜੋ ਭਵਿੱਖ ਵਿੱਚ ਪੰਜਾਬੀ ਭਾਸ਼ਾ 'ਤੇ ਕੰਮ ਕਰਨ ਵਾਲੇ ਹੋਰਨਾਂ ਖੋਜਾਰਥੀਆਂ ਲਈ ਨੀਂਹ ਪੱਥਰ ਸਾਬਤ ਹੋਵੇਗਾ। ਇਸ ਮੌਕੇ ਖੋਜ ਨਿਗਰਾਨ ਅਤੇ ਉੱਘੇ ਕੰਪਿਊਟਰ ਲੇਖਕ ਡਾ. ਸੀ ਪੀ ਕੰਬੋਜ ਨੇ ਦੱਸਿਆ ਕਿ ਇਹ ਖੋਜ ਕਾਰਜ ਭਵਿੱਖ ਵਿੱਚ ਭਾਸ਼ਾ ਸਿਖਲਾਈ ਸਾਫ਼ਟਵੇਅਰ, ਸਵੈ-ਲਿਖਤ ਸੁਧਾਰ ਅਤੇ ਵਿੱਦਿਅਕ ਮੁਲਾਂਕਣ ਦੇ ਖੇਤਰਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਵੇਗਾ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਗਦੀਪ ਸਿੰਘ ਅਤੇ ਫੈਕਲਟੀ ਮੈਂਬਰਾਂ ਨੇ ਡਾ. ਕੰਬੋਜ ਅਤੇ ਖੋਜਕਰਤਾ ਜਗਦੀਸ਼ ਕੌਰ ਨੂੰ ਇਸ ਵੱਡੀ ਵਿਗਿਆਨਕ ਪ੍ਰਾਪਤੀ ਲਈ ਵਧਾਈ ਦਿੱਤੀ ਹੈ।

