ਗੁਲਾਬ ਸਿੱਧੂ ਦੇ ਘਰ ਫਾਇਰਿੰਗ ਦਾ ਮਾਮਲਾ: ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦਾ ਪਿਤਾ ਗ੍ਰਿਫ਼ਤਾਰ
ਐੱਸ ਐੱਸ ਪੀ ਨੇ ਕੀਤੀ ਪੁਸ਼ਟੀ; ਪੁਲੀਸ ਹੋਰ ਮੁਲਜ਼ਮਾਂ ਦੀ ਭਾਲ ਵਿੱਚ
ਬਰਨਾਲਾ ਪੁਲੀਸ ਨੇ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਨੂੰ ਬਰਨਾਲਾ ਦੇ ਬਾਹਰਵਾਰ ਪਿੰਡ ਫਰਵਾਹੀ ਵਿਖੇ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਘਰ ਹੋਈ ਤਾਜ਼ਾ ਗੋਲੀਬਾਰੀ ਦੇ ਸਬੰਧ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਤੋਂ ਉਸ ਸਮੇਂ ਹੋਈ ਜਦੋਂ ਖੰਨਾ ਪੁਲੀਸ ਨੇ ਜ਼ਿਲ੍ਹੇ ਵਿੱਚ ਦਰਜ ਇੱਕ ਹੋਰ ਮਾਮਲੇ ਦੇ ਸਬੰਧ ਵਿੱਚ ਉਸ ਨੂੰ ਉੱਥੋਂ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ।
ਉਸ ਦੀ ਗ੍ਰਿਫ਼ਤਾਰੀ ਬਰਨਾਲਾ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਦੋ ਕਥਿਤ ਸ਼ੂਟਰਾਂ ਸਮੇਤ ਨੌਂ ਵਿਅਕਤੀਆਂ (ਜੋ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ) ਨੂੰ ਗ੍ਰਿਫ਼ਤਾਰ ਕਰਨ ਦੇ ਦਾਅਵੇ ਤੋਂ ਕੁਝ ਦਿਨਾਂ ਬਾਅਦ ਹੋਈ ਹੈ।
'ਟ੍ਰਿਬਿਊਨ ਸਮੂਹ' ਨਾਲ ਗੱਲਬਾਤ ਕਰਦਿਆਂ ਬਰਨਾਲਾ ਦੇ ਐੱਸ ਐੱਸ ਪੀ ਮੁਹੰਮਦ ਸਰਫ਼ਰਾਜ਼ ਆਲਮ ਨੇ ਕਿਹਾ, "ਜਾਂਚ ਦੌਰਾਨ ਸ਼ਗਨਪ੍ਰੀਤ ਅਤੇ ਉਸਦੇ ਪਿਤਾ ਸੌਦਾਗਰ ਸਿੰਘ ਦੀ ਭੂਮਿਕਾ ਸਾਹਮਣੇ ਆਈ। ਸੌਦਾਗਰ ਸਿੰਘ ਨੂੰ ਵੀਰਵਾਰ ਨੂੰ ਗੁਲਾਬ ਸਿੱਧੂ ਦੇ ਘਰ ਹੋਈ ਗੋਲੀਬਾਰੀ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਸੀਂ ਕੁਝ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਸ ਲਈ ਅਸੀਂ ਮੀਡੀਆ ਨਾਲ ਵੇਰਵੇ ਸਾਂਝੇ ਨਹੀਂ ਕੀਤੇ ਸਨ। ਅਸੀਂ ਅਜੇ ਵੀ ਇਸ ਮਾਮਲੇ 'ਤੇ ਕੰਮ ਕਰ ਰਹੇ ਹਾਂ ਅਤੇ ਹੋਰ ਵੇਰਵੇ ਸਾਂਝੇ ਨਹੀਂ ਕਰ ਸਕਦੇ।"
ਸੌਦਾਗਰ ਸਿੰਘ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਚੜੀ ਦਾ ਰਹਿਣ ਵਾਲਾ ਹੈ। ਜ਼ਿਕਰਯੋਗ ਹੈ ਕਿ 12 ਅਤੇ 13 ਸਤੰਬਰ ਦੀ ਦਰਮਿਆਨੀ ਰਾਤ ਨੂੰ ਕਰੀਬ ਡੇਢ ਵਜੇ ਮੋਟਰਸਾਈਕਲ 'ਤੇ ਸਵਾਰ ਤਿੰਨ ਨਕਾਬਪੋਸ਼ ਨੌਜਵਾਨ ਆਏ ਸਨ ਅਤੇ ਉਨ੍ਹਾਂ ਵਿੱਚੋਂ ਦੋ ਨੇ ਗੁਲਾਬ ਸਿੱਧੂ ਦੇ ਘਰ ਦੇ ਮੁੱਖ ਗੇਟ 'ਤੇ ਘੱਟੋ-ਘੱਟ ਛੇ ਰਾਊਂਡ ਫਾਇਰ ਕੀਤੇ ਸਨ। ਹਾਲਾਂਕਿ ਇਸ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ ਅਤੇ ਗੋਲੀਆਂ ਗੇਟ ਤੇ ਘਰ ਦੀਆਂ ਦੀ ਬਾਹਰੀ ਕੰਧਾਂ ਉੱਤੇ ਲੱਗੀਆਂ ਸਨ।
ਪੁਲੀਸ ਨੇ ਮੌਕੇ ਤੋਂ .30 ਬੋਰ ਦੇ ਛੇ ਖ਼ਾਲੀ ਖੋਲ ਬਰਾਮਦ ਕੀਤੇ ਸਨ। ਇਸ ਘਟਨਾ ਤੋਂ ਬਾਅਦ ਦੋ ਕਥਿਤ ਆਡੀਓ ਕਲਿੱਪਾਂ ਵੀ ਸਾਹਮਣੇ ਆਈਆਂ ਸਨ ਜਿਨ੍ਹਾਂ ਵਿੱਚ ਗੈਂਗਸਟਰ ਬਲਵਿੰਦਰ ਸਿੰਘ ਉਰਫ਼ ਡੋਨੀ ਬਲ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਬਰਨਾਲਾ ਦੇ ਐੱਸ ਐੱਸ ਪੀ ਨੇ ਕਿਹਾ ਕਿ ਸ਼ਗਨਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੂੰ ਪਹਿਲਾਂ ਵੀ ਕੁਝ ਮਾਮਲਿਆਂ ਵਿੱਚ ਖੰਨਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਸ਼ਗਨਪ੍ਰੀਤ ਸਾਲ 2021 ਵਿੱਚ ਯੂਥ ਅਕਾਲੀ ਦਲ (YAD) ਦੇ ਆਗੂ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਕਤਲ ਕੇਸ ਵਿੱਚ ਮੁਹਾਲੀ ਪੁਲੀਸ ਨੂੰ ਲੋੜੀਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਹ ਆਸਟਰੇਲੀਆ ਵਿੱਚ ਹੈ।

