ਬਲਵਿੰਦਰ ਰੈਤ
ਨੂਰਪੁਰ ਬੇਦੀ, 14 ਸਤੰਬਰ
ਨੂਰਪੁਰ ਬੇਦੀ ਬਲਾਕ ਦੇ ਪਿੰਡ ਸਮੁੰਦੜੀਆ ਦੇ ਗਰੀਬ ਪਰਿਵਾਰ ਦੀਪ ਕੌਰ ਪਤਨੀ ਜਸਵੰਤ ਸਿੰਘ ਜਿਸ ਦਾ ਘਰ ਬੀਤੀ ਬਰਸਾਤ ਦੌਰਾਨ ਹੜ੍ਹ ਦੇ ਪਾਣੀ ਕਾਰਨ ਬੁਰੀ ਤਰ੍ਹਾਂ ਬਰਬਾਦ ਹੋ ਗਿਆ ਸੀ, ਨੂੰ ਇਲਾਕੇ ਦੇ ਸਹਿਯੋਗ ਤੇ ਸਮਾਜ ਸੇਵੀ ਸੰਸਥਾਵਾਂ ਦੀ ਬਦੌਲਤ 20 ਦਿਨਾਂ ਬਾਅਦ ਨਵਾਂ ਘਰ ਨਸੀਬ ਹੋਣ ਜਾ ਰਿਹਾ ਹੈ। ਦੱਸਣਯੋਗ ਹੈ ਕੀ ਬੀਤੇ ਕਰੀਬ ਇੱਕ ਮਹੀਨੇ ਤੋਂ ਇਹ ਪਰਿਵਾਰ ਖੁੱਲ੍ਹੇ ਅਸਮਾਨ ਥੱਲੇ ਤਰਪਾਲਾਂ ਪਾ ਕੇ ਸਮਾਂ ਬਤੀਤ ਕਰ ਰਿਹਾ ਸੀ ਜਿਸ ਤੋਂ ਬਾਅਦ ਸਥਾਨਕ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਪੰਜਾਬ ਮੋਰਚਾ ਦੀ ਟੀਮ ਦੇ ਕਨਵੀਨਰ ਗੌਰਵ ਰਾਣਾ ਤੇ ਬਲਜਿੰਦਰ ਸਿੰਘ ਬੇਲਾ ਵਲੋਂ ਵਿੱਢੀ ਮੁਹਿੰਮ ਤੋਂ ਬਾਅਦ ਇਲਾਕੇ ਭਰ ਦੇ ਸਹਿਯੋਗ ਦੇ ਨਾਲ ਘਰ ਦਾ ਲੈਂਟਰ ਪੈਣ ਜਾ ਰਿਹਾ ਹੈ। ਇਹਨਾਂ ਦਾ ਮਕਾਨ ਲਗਭਗ ਅਗਲੇ 20 ਦਿਨਾਂ ਬਾਅਦ ਬਣ ਕੇ ਤਿਆਰ ਹੋ ਜਾਵੇਗਾ। ਪੀੜਤਾ ਦੀਪ ਕੌਰ ਤੇ ਉਸ ਦੇ ਪਤੀ ਜਸਵੰਤ ਸਿੰਘ ਨੇ ਕਿਹਾ ਕਿ ਉਹ ਸਮਾਜਸੇਵੀ ਗੌਰਵ ਰਾਣਾ ਤੇ ਬਲਜਿੰਦਰ ਸਿੰਘ ਬੇਲਾ, ਨਿੰਦੀ ਮੁੰਨੇ, ਸਤਿਨਾਮ ਸਿੰਘ,ਤੇ ਇਹਨਾਂ ਦੀ ਸਾਰੀ ਟੀਮ ਦਾ ਤੇ ਆਪਣੇ ਨਗਰ ਸਮੂਹ ਲੋਕਾਂ ਦਾ ਧੰਨਵਾਦੀ ਹਨ।