Ferozepur Police Encounter: ਫਤਿਹਗੜ੍ਹ ਸਭਰਾ ਨੇੜੇ ਪੁਲੀਸ ਮੁਕਾਬਲੇ ਮਗਰੋਂ ਦੋ ਕਾਬੂ
ਵੱਖ-ਵੱਖ ਮਾਮਲਿਆਂ ’ਚ ਲੋਡ਼ੀਂਦੇ ਸਨ ਮੁਲਜ਼ਮ
Ferozepur Police Encounter: ਪਿੰਡ ਫਤਿਹਗੜ੍ਹ ਸਭਰਾ ਨੇੜੇ ਧੁੱਸੀ ਬੰਨ੍ਹ ’ਤੇ ਪੁਲੀਸ ਨੇ ਵੱਖ-ਵੱਖ ਮਾਮਲਿਆਂ ’ਚ ਲੋੜੀਂਦੇ ਦੋ ਮੁਲਜ਼ਮਾਂ ਨੂੰ ਮੁਕਾਬਲੇ ਮਗਰੋਂ ਕਾਬੂ ਕੀਤਾ ਹੈ। ਪੁਲੀਸ ਅਨੁਸਾਰ ਮੁਕਾਬਲੇ ’ਚ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ।
ਇਸ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਵੱਲੋਂ ਮੁਕਾਬਲੇ ਵਾਲੀ ਜਗ੍ਹਾ ਦਾ ਦੌਰਾ ਕੀਤਾ ਗਿਆ। ਐੱਸ ਐੱਸ ਪੀ ਨੇ ਦੱਸਿਆ ਕਿ ਡੀ ਐੱਸ ਪੀ ਜ਼ੀਰਾ ਜਸਪਾਲ ਸਿੰਘ ਦੀ ਅਗਵਾਈ ਹੇਠ ਥਾਣਾ ਮੱਲਾਂਵਾਲਾ ਦੇ ਮੁਖੀ ਗੁਰਜੰਟ ਸਿੰਘ ਅਤੇ ਸੀ ਆਈ ਏ ਸਟਾਫ ਜ਼ੀਰਾ ਦੇ ਇੰਚਾਰਜ ਗੁਰਮੀਤ ਸਿੰਘ ਦੀ ਸਾਂਝੀ ਪੁਲੀਸ ਪਾਰਟੀ ਨੇ ਪੁਖਤਾ ਜਾਣਕਾਰੀ ਦੇ ਆਧਾਰ ’ਤੇ ਫਤਿਹਗੜ੍ਹ ਸਭਰਾ ਨੇੜੇ ਧੁੱਸੀ ਬੰਨ੍ਹ ’ਤੇ ਵਿਸ਼ੇਸ਼ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਆਉਂਦੇ ਦੋ ਮੁਲਜ਼ਮਾਂ ਨੇ ਪੁਲੀਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲੀਸ ਵੱਲੋਂ ਰੁਕਣ ਦਾ ਇਸ਼ਾਰਾ ਕਰਨ ’ਤੇ ਉਨ੍ਹਾਂ ਪੁਲੀਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਮਗਰੋਂ ਪੁਲੀਸ ਨੇ ਜਵਾਬੀ ਫਾਇਰਿੰਗ ਕੀਤੀ, ਜਿਸ ’ਚ ਦੋਵੇਂ ਜਣੇ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਫਿਰੋਜ਼ਪੁਰ ਦੇ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਐੱਸ ਐੱਸ ਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਰਜੀਤ ਸਿੰਘ ਵਾਸੀ ਤਲਵੰਡੀ ਸ਼ੋਭਾ ਥਾਣਾ ਸਦਰ ਪੱਟੀ, ਦਿਲਬਾਗ ਸਿੰਘ ਵਾਸੀ ਪਿੰਡ ਜੋਗੇਵਾਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਅਪਰਾਧਕ ਮਾਮਲੇ ਦਰਜ ਹਨ ਅਤੇ ਕਈ ਮੁਕੱਦਮਿਆਂ ਵਿੱਚ ਇਹ ਲੋੜੀਂਦੇ ਹਨ। ਜ਼ਿਲ੍ਹਾ ਪੁਲੀਸ ਮੁਖੀ ਦਾ ਕਹਿਣਾ ਹੈ ਕਿ ਤਫਤੀਸ਼ ਦੌਰਾਨ ਇਨ੍ਹਾਂ ਕੋਲੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਸ ਫਾਇਰਿੰਗ ਦੌਰਾਨ ਇੱਕ ਗੱਡੀ ਵੀ ਨੁਕਸਾਨੀ ਗਈ।

