Ferozepur: ਦੋ ਧਿਰਾਂ ਦੀ ਲੜਾਈ ’ਚ ਬੱਚੇ ਨੂੰ ਗੋਲੀ ਲੱਗੀ
ਕਾਰ ਤੇ ਮੋਟਰਸਾਈਕਲ ਦੀ ਟੱਕਰ ਕਾਰਨ ਸ਼ੁਰੂ ਹੋਇਆ ਸੀ ਝਗਡ਼ਾ; ਪੁਲੀਸ ਵੱਲੋਂ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਦਾਅਵਾ
ਇੱੱਥੋਂ ਨੇੜਲੇ ਪਿੰਡ ਗਾਮੇਵਾਲਾ ਵਿੱਚ ਦੋ ਧਿਰਾਂ ਵਿਚਾਲੇ ਮਾਮੂਲੀ ਤਕਰਾਰ ਮਗਰੋਂ ਗੱਲ ਇੰਨੀ ਵਧ ਗਈ ਕਿ ਲੜਾਈ ਦੌਰਾਨ ਗੋਲੀ ਚੱਲ ਗਈ। ਇਸ ਕਾਰਨ 12 ਸਾਲਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਇਹ ਵਿਵਾਦ ਸੜਕ ਹਾਦਸੇ ਤੋਂ ਸ਼ੁਰੂ ਹੋਇਆ। ਪਿੰਡ ਦੀ ਗਲੀ ਵਿੱਚ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ ਸੀ। ਸ਼ੁਰੂਆਤ ਵਿੱਚ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸ ਹੋਈ ਪਰ ਦੇਖਦੇ ਹੀ ਦੇਖਦੇ ਮਾਮਲਾ ਇੰਨਾ ਵਧ ਗਿਆ ਕਿ ਦੋਵਾਂ ਧਿਰਾਂ ਵਿੱਚ ਹੱਥੋਪਾਈ ਹੋ ਗਈ। ਗੁੱਸੇ ਵਿੱਚ ਇੱਕ ਧਿਰ ਨੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇੱਕ ਗੋਲੀ ਨੇੜਿਓਂ ਲੰਘ ਰਹੇ 12 ਸਾਲਾ ਬੱਚੇ ਰਮਨ ਦੇ ਵੱਜੀ ਅਤੇ ਆਰ-ਪਾਰ ਹੋ ਗਈ। ਗੋਲੀ ਲੱਗਦੇ ਹੀ ਬੱਚਾ ਲਹੂ-ਲੁਹਾਨ ਹੋ ਕੇ ਉੱਥੇ ਹੀ ਡਿੱਗ ਪਿਆ। ਘਟਨਾ ਤੋਂ ਤੁਰੰਤ ਬਾਅਦ ਪਰਿਵਾਰਕ ਮੈਂਬਰਾਂ ਅਤੇ ਰਾਹਗੀਰਾਂ ਨੇ ਬੱਚੇ ਨੂੰ ਫ਼ਿਰੋਜ਼ਪੁਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਡਾਕਟਰਾਂ ਅਨੁਸਾਰ ਬੱਚੇ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ ਕਿਉਂਕਿ ਗੋਲੀ ਨੇ ਅੰਦਰੂਨੀ ਅੰਗਾਂ ਨੂੰ ਨੁਕਸਾਨ ਪਹੁੰਚਾਇਆ ਹੈ।
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲੀਸ ਨੇ ਘਟਨਾ ਸਥਾਨ ਤੋਂ ਖੋਲ ਵੀ ਬਰਾਮਦ ਕੀਤੇ ਹਨ।
ਜਾਂਚ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਸਮੇਂ ਹਾਜ਼ਰ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਸੀ ਸੀ ਟੀ ਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਭਰੋਸਾ ਦਿੱਤਾ ਹੈ ਕਿ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਿੰਡ ਵਾਸੀਆਂ ਵਿੱਚ ਇਸ ਘਟਨਾ ਖ਼ਿਲਾਫ਼ ਰੋਸ ਹੈ।

