Fazilka: ਪੁਲੀਸ ਨੇ ਹਥਿਆਰ ਤਸਕਰੀ ਕਰਨ ਵਾਲੇ ਗੈਂਗ ਦਾ ਕੀਤਾ ਪਰਦਾਫਾਸ਼; ਨਾਬਾਲਗ ਸਮੇਤ ਪੰਜ ਗ੍ਰਿਫ਼ਤਾਰ
ਤਿੰਨ ਗੈਰ-ਕਾਨੂੰਨੀ ਪਿਸਤੌਲ, ਛੇ ਮੈਗਜ਼ੀਨ, ਚਾਰ ਜ਼ਿੰਦਾ ਕਾਰਤੂਸ, ਦੋ ਤੇਜ਼ਧਾਰ ਹਥਿਆਰ, 760 ਗ੍ਰਾਮ ਹੈਰੋਇਨ ਅਤੇ 2.5 ਲੱਖ ਰੁਪਏ ਨਕਦ ਬਰਾਮਦ
2 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕਰਨ ਦੇ ਇੱਕ ਦਿਨ ਬਾਅਦ, ਫਾਜ਼ਿਲਕਾ ਪੁਲੀਸ ਨੇ ਐਤਵਾਰ ਨੂੰ ਇੱਕ ਨਾਬਾਲਗ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਕਥਿਤ ਹਥਿਆਰ ਤਸਕਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ।
ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਗੈਰ-ਕਾਨੂੰਨੀ ਪਿਸਤੌਲ, ਛੇ ਮੈਗਜ਼ੀਨ, ਚਾਰ ਜ਼ਿੰਦਾ ਕਾਰਤੂਸ, ਦੋ ਤੇਜ਼ਧਾਰ ਹਥਿਆਰ, 760 ਗ੍ਰਾਮ ਹੈਰੋਇਨ ਅਤੇ 2.5 ਲੱਖ ਰੁਪਏ ਨਕਦ ਬਰਾਮਦ ਕੀਤੇ ਹਨ।
ਫਾਜ਼ਿਲਕਾ ਦੇ ਐੱਸ ਐੱਸ ਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ, ਥਾਣਾ ਸਦਰ ਜਲਾਲਾਬਾਦ ਦੀ ਪੁਲੀਸ ਟੀਮ ਨੇ ਜਲਾਲਾਬਾਦ ਸਬ-ਡਿਵੀਜ਼ਨ ਦੇ ਪਿੰਡ ਟਿਵਾਣਾ ਕਲਾਂ ਨੇੜੇ ਇੱਕ ਸੁੰਨਸਾਨ ਪਈ ਰਾਈਸ ਮਿੱਲ (ਚੌਲਾਂ ਦੇ ਸ਼ੈਲਰ) ਵਿੱਚ ਛਾਪੇਮਾਰੀ ਕੀਤੀ। ਪੁਲੀਸ ਨੇ ਇੱਕ ਨਾਬਾਲਗ ਸਮੇਤ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜੋ ਕਥਿਤ ਤੌਰ 'ਤੇ ਝਪਟਮਾਰੀ (ਸਨੈਚਿੰਗ) ਅਤੇ ਹੋਰ ਅਪਰਾਧਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸੀ।
ਮੁਲਜ਼ਮਾਂ ਦੀ ਪਛਾਣ ਅਮਨ ਕੁਮਾਰ, ਬੂੜ ਸਿੰਘ ਅਤੇ ਅਰਸ਼ਦੀਪ ਸਿੰਘ (ਤਿੰਨੋਂ ਪਿੰਡ ਟਿਵਾਣਾ ਕਲਾਂ ਦੇ ਰਹਿਣ ਵਾਲੇ) ਅਤੇ ਕਰਨ (ਵਾਸੀ ਜਲਾਲਾਬਾਦ ਸ਼ਹਿਰ) ਵਜੋਂ ਹੋਈ ਹੈ। ਨਾਬਾਲਗ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਅਮਨ ਕੁਮਾਰ ਪਹਿਲਾਂ ਹੀ ਛੇ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ।
ਐੱਸ ਐੱਸ ਪੀ ਨੇ ਦੱਸਿਆ ਕਿ ਦੋ ਕਥਿਤ ਸਪਲਾਇਰਾਂ, ਪਿੰਡ ਮੁਹੰਮਦੇਵਾਲਾ ਦੇ ਪਰਮਜੀਤ ਸਿੰਘ ਅਤੇ ਸਾਜਨ ਸਿੰਘ ਨੂੰ ਵੀ ਐੱਫ ਆਈ ਆਰ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਜਨ ਸਿੰਘ ਪਹਿਲਾਂ ਹੀ ਅਸਲਾ ਐਕਟ ਸਮੇਤ ਸੱਤ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਵੇਲੇ ਕੇਂਦਰੀ ਜੇਲ੍ਹ, ਫਰੀਦਕੋਟ ਵਿੱਚ ਬੰਦ ਹੈ।
ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਸਰੋਤ ਦਾ ਪਤਾ ਲਗਾਉਣ ਅਤੇ ਇਸ ਨੈੱਟਵਰਕ ਦੇ ਹੋਰ ਮੈਂਬਰਾਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

