Fazilka: ਔਰਤ ਵੱਲੋਂ ਕਥਿਤ ਤੌਰ 'ਤੇ 'ਪਰੇਸ਼ਾਨ' ਕਰਨ ਤੋਂ ਬਾਅਦ ਜੋੜੇ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
ਜੋੜੇ ਨੂੰ ਅਬੋਹਰ ਦੇ ਸਿਵਲ ਹਸਪਤਾਲ ਵਿਖੇ ਕਰਵਾਇਆ ਗਿਆ ਦਾਖਲ
ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਉਪ-ਮੰਡਲ ਦੇ ਪਿੰਡ ਮਲੂਕਪੁਰਾ ਵਿੱਚ ਐਤਵਾਰ ਨੂੰ ਇੱਕ ਔਰਤ ਵੱਲੋਂ ਕਥਿਤ ਤੌਰ 'ਤੇ ਬਲੈਕਮੇਲ ਕਰਨ ਅਤੇ ਪਰੇਸ਼ਾਨ ਕਰਨ ਤੋਂ ਬਾਅਦ ਪਤੀ-ਪਤਨੀ ਨੇ ਕੀੜੇਮਾਰ ਦਵਾਈ (ਜ਼ਹਿਰ) ਖਾ ਕੇ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਜੋੜੇ ਨੂੰ ਸਿਵਲ ਹਸਪਤਾਲ, ਅਬੋਹਰ ਵਿਖੇ ਦਾਖਲ ਕਰਵਾਇਆ ਗਿਆ ਹੈ।
ਉਨ੍ਹਾਂ ਦੀ ਪਛਾਣ ਲਵਪ੍ਰੀਤ (32) ਅਤੇ ਉਸਦੀ ਪਤਨੀ ਰੀਤ ਕੌਰ (30) ਵਜੋਂ ਹੋਈ ਹੈ। ਰੀਤ ਕੌਰ ਅਨੁਸਾਰ, ਉਸਦਾ ਪਤੀ ਇੱਕ ਡੇਰੇ ਵਿੱਚ ਜਾਂਦਾ ਸੀ ਜਿੱਥੇ ਉਸਦੀ ਬਠਿੰਡਾ ਦੀ ਇੱਕ 29 ਸਾਲਾ ਔਰਤ ਨਾਲ ਜਾਣ-ਪਛਾਣ ਹੋ ਗਈ ਸੀ। ਉਸਨੇ ਦੋਸ਼ ਲਾਇਆ ਕਿ ਉਸ ਔਰਤ ਨੇ ਲਵਪ੍ਰੀਤ ਨਾਲ ਸਬੰਧ ਬਣਾ ਲਏ ਅਤੇ ਬਾਅਦ ਵਿੱਚ ਉਸਨੂੰ ਆਪਣੇ ਜਾਲ ਵਿੱਚ ਫਸਾ ਲਿਆ।
ਰੀਤ ਕੌਰ ਨੇ ਦੋਸ਼ ਲਾਇਆ ਕਿ ਜਦੋਂ ਲਵਪ੍ਰੀਤ ਨੂੰ ਪਤਾ ਲੱਗਾ ਕਿ ਉਕਤ ਔਰਤ ਦੇ ਹੋਰ ਵਿਅਕਤੀਆਂ ਨਾਲ ਵੀ ਸਬੰਧ ਸਨ, ਤਾਂ ਉਸਨੇ ਉਸ ਤੋਂ ਦੂਰੀ ਬਣਾ ਲਈ। ਇਸ ਗੱਲ ਤੋਂ ਕਥਿਤ ਤੌਰ 'ਤੇ ਗੁੱਸੇ ਵਿੱਚ ਆ ਕੇ ਉਸ ਔਰਤ ਨੇ ਉਨ੍ਹਾਂ ਨੂੰ ਬਦਨਾਮ ਕਰਨ ਦੇ ਇਰਾਦੇ ਨਾਲ ਸੋਸ਼ਲ ਮੀਡੀਆ 'ਤੇ ਆਪਣੀ ਅਤੇ ਲਵਪ੍ਰੀਤ ਦੀ ਇੱਕ ਵੀਡੀਓ ਅਪਲੋਡ ਕਰ ਦਿੱਤੀ।
ਵੀਡੀਓ ਅਪਲੋਡ ਹੋਣ ਤੋਂ ਬਾਅਦ, ਪਰੇਸ਼ਾਨ ਜੋੜੇ ਨੇ ਕਥਿਤ ਤੌਰ 'ਤੇ ਕੀੜੇਮਾਰ ਦਵਾਈ ਖਾ ਲਈ ਅਤੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ।
ਇਸ ਮਾਮਲੇ ਉੱਥੇ ਥਾਣਾ ਸਦਰ ਅਬੋਹਰ ਦੇ ਐੱਸ ਐੱਚ ਓ ਸਚਿਨ ਕੰਬੋਜ ਨੇ 'ਟ੍ਰਿਬਿਊਨ ਸਮੂਹ' ਨੂੰ ਦੱਸਿਆ ਕਿ ਜੋੜੇ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਤੋਂ ਪਹਿਲਾਂ ਜ਼ਿਲ੍ਹਾ ਅਟਾਰਨੀ ਦੀ ਰਾਏ ਲਈ ਜਾ ਰਹੀ ਹੈ।

