ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 25 ਜੁਲਾਈ
ਅੱਜ ਤੜਕੇ ਚਾਰ ਵਜੇ ਕੰਧਵਾਲਾ ਰੋਡ ’ਤੇ ਚੰਡੀਗੜ੍ਹ ਮੁਹੱਲੇ ਵਿੱਚ ਤਾਰਾ ਚੰਦ (92) ਨੇ ਸੁੱਤੇ ਆਪਣੀ 40 ਸਾਲਾ ਪੋਤਰੇ ਅੰਗਰੇਜ ਸਿੰਘ, ਉਸ ਦੀ ਪਤਨੀ ਗਗਨਦੀਪ ਕੌਰ ਅਤੇ ਛੇ ਮਹੀਨਿਆਂ ਦੀ ਪੜਪੋਤਰੀ ਜਸ਼ਨਦੀਪ ’ਤੇ ਕਥਿਤ ਤੌਰ ’ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਘਰੇਲੂ ਵਿਵਾਦ ਕਾਰਨ ਬਜ਼ੁਰਗ ਪਿਛਲੇ ਇਕ ਹਫਤੇ ਤੋਂ ਪੈਟਰੋਲ ਇਕੱਤਰ ਕਰ ਰਿਹਾ ਸੀ। ਪੁਲੀਸ ਨੇ ਵਾਰਦਾਤ ਵਾਲੀ ਥਾਂ ਤੋਂ ਦਸ ਲਿਟਰ ਪੈਟਰੋਲ ਵੀ ਕਬਜ਼ੇ ਵਿੱਚ ਲਿਆ ਹੈ। ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਜ਼ਖ਼ਮੀ ਅੰਗਰੇਜ ਸਿੰਘ ਨੇ ਦੱਸਿਆ ਕਿ ਉਸ ਦਾ ਆਪਣੇ ਦਾਦੇ ਨਾਲ ਮਕਾਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਇਸੇ ਕਰਕੇ ਤਾਰਾ ਚੰਦ ਨੇ ਇਹ ਵਾਰਦਾਤ ਕੀਤੀ। ਅੰਗਰੇਜ਼ ਸਿੰਘ ਦੀ ਪਤਨੀ ਗਗਨਦੀਪ ਨੇ ਜਲਦਬਾਜ਼ੀ ਨਾਲ ਆਪਣੇ ਪਤੀ ਨੂੰ ਅੱਗ ਤੋਂ ਬਚਾਇਆ ਅਤੇ ਨਾਲ ਹੀ ਬੇਟੀ ਨੂੰ ਵੀ ਅੱਗ ਵਾਲੇ ਕਮਰੇ ਤੋਂ ਬਾਹਰ ਕੀਤਾ। ਗਗਨਦੀਪ ਵੱਲੋਂ ਰੌਲਾ ਪਾਉਣ ’ਤੇ ਆਸ ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਫਾਇਰ ਬ੍ਰਿਗੇਡ ਦੇ ਨਾਲ 108 ਐਂਬੂਲੈਂਸ ਨੂੰ ਵੀ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਡੀਐੱਸਪੀ ਰਾਹੁਲ ਭਾਰਦਵਾਜ ਪੁਲੀਸ ਫੋਰਸ ਨਾਲ ਮੌਕੇ ਤੇ ਪਹੁੰਚੇ। ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਏ ਗਏ ਅੰਗਰੇਜ਼ ਸਿੰਘ ਦੀ ਹਾਲਤ ਖ਼ਰਾਬ ਹੋਣ ਕਾਰਨ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਲਈ ਰੈਫ਼ਰ ਕਰ ਦਿੱਤਾ ਗਿਆ ਹੈ, ਜਦਕਿ ਉਸ ਦੀ ਪਤਨੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਸ ਦੀ ਬੇਟੀ ਇਸ ਘਟਨਾ ਵਿਚ ਵਾਲ-ਵਾਲ ਬਚ ਗਈ। ਥਾਣਾ ਸਿਟੀ ਟੂ ਜੀ ਪੁਲੀਸ ਨੇ ਇਸ ਵਾਰਦਾਤ ਦੇ ਮਾਮਲੇ ਵਿਚ ਤਾਰਾ ਚੰਦ ਦੇ ਖਿਲਾਫ਼ ਕਤਲ ਦੀ ਸਾਜ਼ਿਸ਼ ਦਾ ਮੁਕੱਦਮਾ ਦਰਜ ਕੀਤਾ ਹੈ।