Fazilka: 30 ਕਿਲੋ ਹੈਰੋਇਨ, ਹਥਿਆਰ ਅਤੇ ਪਾਕਿਸਤਾਨੀ ਡਰੋਨ ਬਰਾਮਦ, ਦੋ ਤਸਕਰ ਗ੍ਰਿਫ਼ਤਾਰ
ਐੱਨ ਡੀ ਪੀ ਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ
ਬਾਰਡਰ ਸਕਿਉਰਿਟੀ ਫੋਰਸ (ਬੀ ਐੱਸ ਐੱਫ) ਅਤੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (ਐੱਸ ਐੱਸ ਓ ਸੀ) ਫਾਜ਼ਿਲਕਾ ਦੇ ਖੁਫੀਆ ਵਿੰਗ ਨੇ ਇੱਕ ਸਾਂਝੇ ਅਪਰੇਸ਼ਨ ਵਿੱਚ ਸ਼ੁੱਕਰਵਾਰ ਰਾਤ 11:10 ਵਜੇ ਫਾਜ਼ਿਲਕਾ ਜ਼ਿਲ੍ਹੇ ਦੇ ਸ਼ਾਹਤੀਰਵਾਲਾ ਰੋਡ ’ਤੇ ਦੋ ਕਥਿਤ ਤਸਕਰਾਂ ਕੋਲੋਂ 30 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਐੱਫ ਆਈ ਆਰ ਅਨੁਸਾਰ, ਜਦੋਂ ਐੱਸ ਐੱਸ ਓ ਸੀ ਫਾਜ਼ਿਲਕਾ ਦੇ ਇੰਸਪੈਕਟਰ ਸਤਿੰਦੀਪ ਸਿੰਘ ਬਰਾੜ, ਐੱਸ ਐੱਸ ਓ ਸੀ ਦੇ ਹੋਰ ਮੁਲਾਜ਼ਮਾਂ ਅਤੇ ਬੀ ਐੱਸ ਐੱਫ ਦੀ 55ਵੀਂ ਬਟਾਲੀਅਨ ਦੇ ਜਵਾਨਾਂ ਨਾਲ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ, ਉਦੋਂ ਉਨ੍ਹਾਂ ਨੂੰ ਖਾਸ ਜਾਣਕਾਰੀ ਮਿਲੀ ਅਤੇ ਉਨ੍ਹਾਂ ਨੇ ਮੋਟਰਸਾਈਕਲ ਉੱਤੇ ਜਾ ਰਹੇ ਦੋ ਵਿਅਕਤੀਆਂ ਨੂੰ ਰੋਕਿਆ।
ਤਲਾਸ਼ੀ ਦੌਰਾਨ, ਉਨ੍ਹਾਂ ਦੇ ਕਬਜ਼ੇ ਵਿੱਚੋਂ ਬੋਰੀ ਵਿੱਚ ਪੈਕ ਕੀਤੇ ਹੈਰੋਇਨ ਦੇ 53 ਪੈਕੇਟ ਬਰਾਮਦ ਕੀਤੇ ਗਏ।
ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ (ਵਾਸੀ ਪਿੰਡ ਵਾਲੇਸ਼ਾਹ ਉੱਤਰਾ) ਅਤੇ ਮਨਪ੍ਰੀਤ ਸਿੰਘ (ਵਾਸੀ ਪਿੰਡ ਨਿਊ ਹਸਤਾ ਕਲਾਂ, ਜ਼ਿਲ੍ਹਾ ਫਾਜ਼ਿਲਕਾ) ਵਜੋਂ ਹੋਈ ਹੈ।
ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਕਥਿਤ ਤੌਰ ’ਤੇ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਗੁਆਂਢੀ ਦੇਸ਼ ਤੋਂ ਤਸਕਰੀ ਕਰਕੇ ਲਿਆਂਦੀ ਜਾਂਦੀ ਹੈਰੋਇਨ ਪ੍ਰਾਪਤ ਕਰਦੇ ਸਨ।
ਦੋਵਾਂ ਖ਼ਿਲਾਫ਼ ਐੱਸ ਐੱਸ ਓ ਸੀ ਫਾਜ਼ਿਲਕਾ ਵੱਲੋਂ ਐੱਨ ਡੀ ਪੀ ਐੱਸ ਐਕਟ (NDPS Act) ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਨਸ਼ਾ ਤਸਕਰੀ ਨੈੱਟਵਰਕ ਦੇ ਲਿੰਕਾਂ ਦੀ ਜਾਂਚ ਕੀਤੀ ਜਾਵੇਗੀ।
ਇੱਕ ਹੋਰ ਅਪਰੇਸ਼ਨ ਵਿੱਚ, ਬੀ ਐੱਸ ਐੱਫ ਅਤੇ ਪੰਜਾਬ ਪੁਲੀਸ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਤਾਹਲੀਵਾਲਾ ਦੇ ਇੱਕ ਖੇਤ ਵਿੱਚੋਂ ਪਾਕਿਸਤਾਨੀ ਡਰੋਨ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ।
ਸੂਤਰਾਂ ਨੇ ਦੱਸਿਆ ਕਿ ਖੇਤਾਂ ਵਿੱਚ ਇੱਕ ਡਰੋਨ ਪਿਆ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ, ਬੀ ਐੱਸ ਐੱਫ ਅਤੇ ਪੰਜਾਬ ਪੁਲੀਸ ਦੇ ਜਵਾਨਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਕਈ ਘੰਟੇ ਤਲਾਸ਼ੀ ਅਭਿਆਨ ਚਲਾਇਆ।
ਤਲਾਸ਼ੀ ਦੌਰਾਨ, ਉਨ੍ਹਾਂ ਨੇ ਇੱਕ ਪਾਕਿਸਤਾਨੀ ਡਰੋਨ, ਇੱਕ ਚੀਨ-ਨਿਰਮਿਤ ਪਿਸਤੌਲ, ਦੋ ਮੈਗਜ਼ੀਨ ਅਤੇ ਚਾਰ ਕਾਰਤੂਸ ਬਰਾਮਦ ਕੀਤੇ।
ਸ਼ੱਕ ਹੈ ਕਿ ਤਕਨੀਕੀ ਖ਼ਰਾਬੀ ਕਾਰਨ ਡਰੋਨ ਝੋਨੇ ਦੇ ਖੇਤਾਂ ਵਿੱਚ ਡਿੱਗ ਗਿਆ ਸੀ, ਜਿਸ ਤੋਂ ਬਾਅਦ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ।

